ਜੀਵਨੀਆਂ

ਸੇਵਾ ਦੇ ਪੁੰਜ ਬ੍ਰਹਮਗਿਆਨੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ

ਮਹਾਪੁਰਸ਼ਾਂ ਦੇ ਜੀਵਨ ਬ੍ਰਿਤਾਂਤ ਆਮ ਜਗਿਆਸੂਆਂ ਲਈ ਵੱਡਾ ਪ੍ਰੇਰਨਾ ਸ੍ਰੋਤ ਹੁੰਦਾ ਹੈ,ਸਿਖ ਧਰਮ ਵਿਚ ਹੋਰ ਵੀ ਅਨੇਕਾਂ ਹੀ ਐਸੀਆਂ ਮਹਾਨ ਆਤਮਾਵਾਂ ਹੋ ਗੁਜਰੀਆਂ ਹਨ, ਜਿਨਾ ਨੇ ਗੁਰਮਤ ਸਿਧਾਂਤਾ ਨੂੰ ਆਪਣੇ ਜੀਵਨ ਰਾਹੀ ਮੂਰਤੀਮਾਨ ਕੀਤਾ ਹੈ, ਜਿਹੜਾ ਵੀ ਲੇਖਕ ਇਹਨਾਂ ਮਹਾਨ ਆਤਮਾਵਾਂ ਦੀ ਗਾਥਾ ਆਪਣੀ ਕਲਮ ਦੁਆਰਾ ਲਿਖਣ ਦਾ ਯਤਨ ਕਰਦਾ ਹੈ, ਐਸੇ ਲੇਖਕ ਜਨਾਂ ਨੂੰ ਉਸ ਪਵਿਤਰ ਆਤਮਾ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਨਹੀਂ ਹੋਇਆ ਹੁੰਦਾ, ਪ੍ਰੰਤੂ ਲੇਖਕ, ਸ਼ਰਧਾਲੂ ਸਿਖਾਂ ਅਤੇ ਸੇਵਕਾਂ ਪਾਸੋ ਐਸੀ ਆਤਮਾ ਰੂਪੀ ਸੰਤਾ ਦੇ ਜੀਵਨ ਸੰਬੰਧੀ ਸਮਗਰੀ ਇਕੱਠੀ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਵਲੋਂ ਦਿਤੀ ਹੋਈ ਸੂਝ ਬੂਝ ਸਦਕਾ ਆਪਣੀ ਵਿਦਵਤਾ ਅਨੁਸਾਰ ਲਿਖਣ ਦਾ ਯਤਨ ਕਰਦਾ ਹੈ!

ਇਸ ਪੁਸਤਕ ਵਿਚ ਦਾਸ ਨੇ ਸਚਖੰਡ ਵਾਸੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਦੇ ਅਨਿਨ ਉਤਰਾਧਿਕਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਪਾਸੋਂ ਜੁਬਾਨੀ ਸੁਣਕੇ ਅਤੇ ਗਿਆਨੀ ਹਰੀ ਸਿੰਘ ਜੀ ਦੀ ਲਿਖਤੀ ਰੂਪ ਵਿਚ ਲਿਖੀ ਗਈ ਪੁਸਤਕ ਵਿਚੋਂ ਸੰਤਾਂ ਦੇ ਜੀਵਨ ਸਬੰਧੀ ਵਾਰਤਾਵਾਂ ਪੜਕੇ, ਉਹਨਾ ਦੇ ਪਵਿਤਰ ਜੀਵਨ ਦੀਆਂ ਅਹਿਮ ਘਟਨਾਂਵਾ ਕਲਮਬੰਦ ਕੀਤੀਆਂ ਹਨ, ਸੋ ਇਹਨਾਂ ਦੇ ਅਧਾਰ ਤੇ ਹੀ ਮਹਾਂਪੁਰਸ਼ਾਂ ਦੇ ਜੀਵਨ ਬ੍ਰਿਤਾਂਤ ਨੂੰ ਦਾਸ ਨੇ ਲੇਖਣੀ ਰੂਪ ਵਿਚ ਨਿਰੂਪਣ ਕਰਨ ਦਾ ਯਤਨ ਕੀਤਾ ਹੈ।

ਬਹੁਤ ਹੀ ਸਤਿਕਾਰਯੋਗ, ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਦੀ ਪਵਿਤਰ ਯਾਦ ਵਿਚ ਜੋ ਇਹ ਪੁਸਤਕ ਪ੍ਰਕਾਸ਼ਤ ਕੀਤੀ ਜਾ ਰਹੀ ਹੈ,ਇਸ ਪੁਸਤਕ ਵਿਚ ਇਹਨਾਂ ਦੋਹਾਂ ਮਹਾਂਪੁਰਸ਼ਾਂ ਦੀ ਮਹਾਨ ਸੇਵਾ ਅਤੇ ਸਿਮਰਨ ਕਰਨ ਸਬੰਧੀ ਬਹੁ ਪੱਖੀ ਜਿੰਦਗੀ ਦੀ ਸੁਨੈਹਰੀ ਝਲਕ ਦਿਖਾਈ ਦੇ ਰਹੀ ਹੈ, ਇਹ ਦੋਵੇਂ ਮਹਾਨ ਆਤਮਾਵਾਂ ਹਰ ਜਗਿਆਸੂ ਨੂੰ ਸੇਵਾ ਅਤੇ ਸਿਮਰਨ ਨਾਲ ਜੋੜਨ ਦੀ ਵੱਡੀ ਸੇਵਾ ਕਰਦੇ ਰਹੇ ਹਨ।

ਇਹਨਾ ਦੋਹਾਂ ਮਹਾਪੁਰਸ਼ਾਂ ਵਿਚ ਸਭ ਤੋਂ ਵੱਡੀ ਸਿਫਤ ਇਹ ਹੀ ਹੁੰਦੀ ਸੀ ਕਿ ਉਹ ਵਾਹਿਗੁਰੂ ਜੀ ਵਿਚ ਅਭੇਦਤਾ ਦੀ ਅਵਸਥਾ ਵਿਚ ਵੀ ਅਤਿ ਨਿਰਮਾਣ ਰਹਿੰਦੇ ਸਨ, ਨਿਮਰਤਾ ਉਨਾਂ ਦੇ ਸਰੀਰ ਦੇ ਰੋਮ ਰੋਮ ਵਿਚ ਵਸੀ ਹੋਈ ਸੀ, ਹਰ ਆਏ ਪ੍ਰੇਮੀ ਨੂੰ aਹ ਬਹੁਤ ਹੀ ਸਤਿਕਾਰ ਦਿੰਦੇ ਸਨ ,ਉਹਨਾ ਦੇ ਪਵਿਤਰ ਦਰਸ਼ਨ ਕਰਨ ਨਾਲ ਹਰ ਜਗਿਆਸੂ ਨੂੰ ਠੰਡ ਪੈ ਜਾਂਦੀ ਸੀ,ਜਿਥੇ ਉਹ ਜਪੀ, ਤਪੀ, ਸਤੀ ਅਤੇ ਸਤਿਗੁਰੂ ਜੀ ਦੀ ਸੇਵਾ ਵਿਚ ਭਰਪੂਰ ਸਨ ਉਥੇ ਇਹ ਨਿਰਮਲ ਆਤਮਾਵਾਂ ਹਰ ਜਗਿਆਸੂ ਨੂੰ ਗੁਰੂ ਘਰ ਨਾਲ ਜੋੜਕੇ ਗੁਰੂ ਜੀ ਦੀ ਵੱਡੀ ਖੁਸ਼ੀ ਪ੍ਰਾਪਤ ਕਰਦੇ ਰਹੇ ਸਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਆਪਣੇ ਮਹਾਨ ਫੁਰਮਾਨ ਰਾਹੀ ਫਰਮਾਉਦੇ ਹਨ ਕਿ

"ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਆਉਰ ਨ ਕੋ ॥ (ਪੰਨਾ ੮੫੮)

ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਵਿਚ ਜੁੜਿਆ ਹੋਇਆ ਸੰਤ ਭਗਤ ਮਨੁਖਤਾ ਦਾ ਸਰਦਾਰ ਹੁੰਦਾ ਹੈ ਅਤੇ ਗੁਰਮੁਖ ਸੰਤ ਭਗਤ, ਸਤਿਗੁਰੂ ਜੀ ਦੇ ਲਾਡਲੇ ਸਪੁਤਰ ਹੁੰਦੇ ਹਨ!

ਨਾਮ ਰੰਗ ਵਿਚ ਰਤੇ ਮਹਾਨ ਸੰਤ ਸਾਧੂਆਂ ਵਿਚੋਂ ਅਜਿਹੀ ਹੀ ਵਿਗਸੀ ਹੋਈ ਸਖਸੀਅਤ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਹੋਏ ਹਨ,ਵਾਹਿਗੁਰੂ ਜੀ ਦੇ ਪਵਿਤਰ ਨਾਮ ਦੀ ਲਾਲੀ ਨਾਲ ਆਪ ਜੀ ਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ, ਆਪ ਜੀ ਦੀ ਨਿਰਮਲ ਪ੍ਰੇਰਨਾ ਸਦਕਾ, ਸੰਤ ਬਾਬਾ ਭੂਰੀ ਵਾਲਿਆਂ ਦਾ ਤਪੋਬਨ ਡੇਰਾ ਸਿਖੀ ਸੇਵਾ ਦਾ ਇਕ ਸੋਮਾ ਹੋ ਨਿਬੜਿਆਂ, ਬਾਬਾ ਜੀ ,ਗੁਰੁ ਦੀ ਸੰਗਤ ਨੂੰ ਸ਼੍ਰੀ ਗੁਰੁ ਨਾਨਕ ਦੇਵ ਜੀ ਦਾ ਪ੍ਰੀਵਾਰ ਜਾਣਕੇ ਸਾਰਿਆਂ ਦਾ ਵੱਡਾ ਸਤਿਕਾਰ ਕਰਦੇ ਹੁੰਦੇ ਸਨ, ਮਹਾਂਪੁਰਸ਼ਾ ਦੇ ਮਨ ਵਿਚ ਜਿਥੇ ਆਪਣੇ ਨਿਜੀ ਜੀਵਨ ਨੂੰ ਨਾਮ ਬਾਣੀ ਅਤੇ ਸਿਮਰਨ ਦੁਆਰਾ ਸਫਲ ਕਰਨ ਦਾ ਅਥਾਹ ਚਾਅ ਸੀ, ਉਥੇ ਪੰਥਕ ਸੇਵਾ ਦਾ ਜਜਬਾ ਵੀ ਆਪਜੀ ਦੇ ਅੰਦਰ ਠਾਠਾਂ ਮਾਰਦਾ ਸੀ, ਦਿਨ ਰਾਤ ਉਹਨਾਂ ਨੂੰ ਇਕੋ ਹੀ ਚਾਅ ਹੁੰਦਾ ਸੀ ਕਿ ਹਰ ਜਗਿਆਸੂ ਸਿਖ, ਗੁਰੁ ਘਰ ਦੀ ਅਤੇ ਮਨੁਖਤਾ ਦੀ ਵੱਡੀ ਸੇਵਾ ਨਾਲ ਜੁੜ ਜਾਵੇ, ਆਪਜੀ ਜਦੋਂ ਆਪਣੇ ਤਪੋਬਨ ਵਿਚ ਸੇਵਾ ਸਿਮਰਨ ਕਰਦੇ ਸਨ ਤਾਂ ਇਸ ਸਮੇਂ ਦੋਰਾਨ ਬਚਨ ਬਲਾਸ ਬਹੁਤ ਹੀ ਘੱਟ ਕਰਿਆ ਕਰਦੇ ਸਨ, ਪਾਵਨ ਗੁਰਬਾਣੀ ਦੇ ਪਵਿਤਰ ਫੁਰਮਾਨ ਮੁਤਾਬਕ..

""ਹੋਨਿ ਨਜੀਕ ਖੇਦਾਇ ਦੇ ਭੇਦ ਨ ਕਿਸੈ ਦੇਨ ॥

ਗੁਰੂ ਜੀ ਦਾ ਇਹ ਪਵਿਤਰ ਫੁਰਮਾਨ ਆਪ ਜੀ ਦੇ ਜੀਵਨ ਤੇ ਪੂਰਾ ਪੂਰਾ ਢੁਕਦਾ ਸੀ, ਬਾਬਾ ਜੀ ਆਪਣੇ ਆਪ ਨੂੰ ਬਹੁਤ ਹੀ ਲੁਕਾਅ ਕੇ ਰਖਦੇ ਸਨ, ਇਹ ਕੋਈ ਸ਼ੱਕ ਨਹੀ ਕਿ ਜਿਹੜੇ ਸੰਤ ਮਹਾਂਪੁਰਸ਼ ਪਾਵਨ ਬਾਣੀ ਅਤੇ ਸੇਵਾ ਸਿਮਰਨ ਦੀ ਵੱਡੀ ਕਮਾਈ ਕਰਦੇ ਹਨ, ਰਿਧੀਆਂ ਸਿਧੀਆਂ ਐਸੇ ਮਹਾਂਪੁਰਸ਼ ਦੀਆਂ ਪ੍ਰਕਰਮਾ ਕਰਦੀਆਂ ਰਹਿੰਦੀਆਂ ਹਨ..

"ਨਵਨਿਧੀ ਅਠਾਰਾ ਸਿਧੀ ਪਿਛੇ ਲਗੀਆਂ ਫਿਰਹਿ ਜੋ ਹਰ ਹਿਰਦੇ ਸਦਾ ਵਸਾਏ ॥

ਪਰ ਐਸੇ ਮਹਾਂਪੁਰਸ਼ ਦੀ ਵਡਿਆਈ ਇਸੇ ਵਿਚ ਹੀ ਹੁੰਦੀ ਹੈ ਕਿ ਉਹ ਦੁਨਿਆਵੀ ਰਿਧੀਆਂ ਸਿਧੀਆਂ ਵਲ ਰਤਾ ਵੀ ਧਿਆਨ ਨਹੀਂ ਦਿੰਦੇ, ਇਹਨਾਂ ਰਿਧੀਆਂ ਸਿਧੀਆਂ ਤੋਂ ਅਗਾਹ ਜਾਕੇ ਉਹ ਵਾਹਿਗੁਰੂ ਜੀ ਦੇ ਸਿਮਰਨ ਵਿਚ ਅਭੇਦ ਹੋਕੇ ਆਪਣੇ ਗੁਰਸਿਖੀ ਜੀਵਨ ਦੇ ਮਾਰਗ ਤੇ ਚਲਦੇ ਹੋਏ ਅਗਾਂਹ ਹੀ ਵਧਦੇ ਜਾਂਦੇ ਹਨ। ਸੇਵਾ ਸਿਮਰਨ ਦੀ ਬਰਕਤ ਸਦਕਾ ਐਸੇ ਸੰਤ ਮਹਾਂਪੁਰਸ਼ਾ ਦੇ ਬੋਲ ਵੀ ਸੁਤੇ ਸਿਧੀ ਹੀ ਪੂਰੇ ਹੋ ਜਾਂਦੇ ਹਨ ਪਰ ਉਹ ਐਸੇ ਬੋਲ ਆਪਣੀ ਵਡਿਆਈ ਲਈ ਕਦੇ ਵੀ ਨਹੀ ਵਰਤਦੇ, ਉਨਾਂ ਨੂੰ ਆਪਣੀ ਵਡਿਆਈ ਬਿਲਕੁਲ ਚੰਗੀ ਨਹੀ ਲਗਦੀ, ਉਹ ਮਹਾਨ ਸਤਿਗੁਰੂ ਜੀ ਦੀ ਵਡਿਆਈ ਸੁਣਕੇ ਹੀ ਖੁਸ਼ ਹੁੰਦੇ ਹਨ, ਮਹਾਨ ਸਤਿਗੁਰੂ ਜੀ ਐਸੇ ਪਿਆਰੇ ਸੇਵਕਾਂ ਦੀ ਦੁਨੀਆਂ ਵਿਚ ਵੱਡੀ ਜੈ ਜੈਕਾਰ ਕਰਾ ਦਿੰਦੇ ਹਨ :-

"ਹਰ ਆਪਣੀ ਵਡਿਆਈ ਭਾਵਦੀ ਜਨ ਦਾ ਜੈਕਾਰ ਕਰਾਈ ॥ (ਪੰਨਾ ੬੫)

ਸੋ ਮਹਾਂਪੁਰਸ਼ਾਂ ਨੂੰ ਜੋ ਵੀ ਪ੍ਰਾਪਤੀ ਹੋਈ, ਇਹ ਸਾਰੀ ਪ੍ਰਾਪਤੀ ਉਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਸਾਏ ਗੁਰੂ ਉਪਦੇਸ਼ਾ ਦੀ ਕਮਾਈ ਤੋਂ ਹੀ ਹੋਈ, ਇਸੇ ਲਈ ਆਪ ਜੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਰਖਦੇ ਸਨ, ਵੱਡੇ ਤੋਂ ਵੱਡੇ ਧਾਰਮਿਕ ਕੰਮਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਵਿਤਰ ਚਰਨਾਂ ਵਿਚ ਅਰਦਾਸ ਕਰਕੇ ਹੀ ਸ਼ੁਰੂ ਕਰਦੇ ਸਨ, ਜਦੋਂ ਵੀ ਕੋਈ ਸਿਖ ਸੇਵਕ ਕਿਧਰੇ ਆਉੇਣ ਜਾਣ ਦੀ ਬੇਨਤੀ ਕਰਦੇ ਤਾਂ ਉਹ ਹਮੇਸ਼ਾ ਹੀ ਇਹ ਬਚਨ ਕਰਿਆ ਕਰਦੇ ਸਨ ਕਿ ਗੁਰਮੁਖੋ, ਸਤਿਗੁਰੂ ਜੀ ਦਾ ਹੁਕਮ ਹੋਇਆ ਤਾ ਜਰੂਰ ਦਰਸ਼ਨ ਕਰਾਂਗੇ। ਆਪ ਜੀ ਵੈਰਾਗ, ਪਿਆਰ, ਪਰਉਪਕਾਰ ਅਤੇ ਸੰਸਾਰ ਵਿਚ ਵਿਚਰਦੇ ਹੋਏ, ਉਦਾਸ਼ੀਨਤਾ ਦੀ ਸਾਖਿਅਤ ਮੂਰਤ ਸਨ, ਉਨਾਂ ਦੇ ਜੀਵਨ ਵਿਚ ਮਾਣ ਜਾਂ ਹੰਕਾਰ ਦੀ ਰਤਾ ਵੀ ਲੇਸ ਨਹੀ ਸੀ, ਅਤੇ ਉਹਨਾਂ ਨੇ ਆਪਣੇ ਆਪ ਨੂੰ ਪੂਰਨ ਤੌਰ ਤੇ ਗੁਰੁ ਜੀ ਨੂੰ ਸਮਰਪਿਤ ਕੀਤਾ ਹੋਇਆਂ ਸੀ।

ਸੰਤ ਬਾਬਾ ਜੈਮਲ ਸਿੰਘ ਜੀ ਦਾ ਜਨਮ ਸੰਨ ੧੮੯੨ ਈ: ਨੂੰ ਪਿੰਡ ਗਾਹ, ਤਹਿਸੀਲ ਚੱਕਵਾਲ ਜਿਲਾ ਜੇਹਲਮ(ਹੁਣ ਪਾਕਿਸਤਾਨ) ਵਿਖੇ ਹੋਇਆ, ਮਹਾਂਪੁਰਸ਼ਾਂ ਦੇ ਪਿਤਾ ਜੀ ਦਾ ਨਾਮ ਸ:ਸ਼ੇਰ ਸਿੰਘ ਕੋਹਲੀ ਅਤੇ ਮਾਤਾ ਜੀ ਦਾ ਨਾਮ ਸਤਭਰਾਈ ਜੀ ਸੀ, ਮਾਤਾ ਸਤਭਰਾਈ ਜੀ ਦਾ ਆਪਣੇ ਸਾਰਿਆਂ ਬੱਚਿਆਂ ਤੋਂ ਇਲਾਵਾ ਬਚਪਨ ਤੋਂ ਹੀ ਆਪਣੇ ਸਪੁਤਰ ਜੈਮਲ ਸਿੰਘ ਨਾਲ ਅਥਾਹ ਪਿਆਰ ਸੀ, ਮਾਤਾ ਜੀ ਇਹਨਾ ਦੇ ਭੋਲੇ ਭਾਲੇ ਅਤੇ ਪ੍ਰਭਾਵਸ਼ਾਲੀ ਮੁਖੜੇ ਨੂੰ ਵੇਖਕੇ ਬਹੁਤ ਹੀ ਖੁਸ਼ ਹੁੰਦੇ ਸਨ, ਬਚਪਨ ਵਿਚ ਹੀ ਇਕ ਦਿਨ ਮਾਤਾ ਜੀ ਨੇ ਇਹਨਾਂ ਨੂੰ ਭੰਗੂੜੇ ਵਿਚ ਪਾਇਆ ਹੋਇਆ ਸੀ ਤਾਂ ਇਹ ਭੰਗੂੜੇ ਵਿਚ ਖੇਡਦੇ ਖੇਡਦੇ ਥੱਲੇ ਡਿਗ ਪਏ, ਸੱਟ ਲਗਣ ਦੇ ਬਾਵਜੂਦ ਵੀ ਇਹ ਰੋਏ ਨਹੀ ਸਗੋਂ ਬਹੁਤ ਹੀ ਪਿਆਰ ਨਾਲ ਹੱਸਣ ਲਗ ਪਏ ਮਾਤਾ ਜੀ ਨੇ ਆਕੇ ਚੁਕਿਆ ਪਰ ਲਾਗੇ ਖਲੋਤੀਆਂ ਮਾਤਾ ਦੀਆ ਗੁਆਢਣਾਂ ਨੇ ਕਿਹਾ ਕਿ ਭੈਣ ,ਇਹ ਕੋਈ ਰੱਬੀ ਮੂਰਤ ਲਗਦੀ ਹੈ, ਇਤਨੀ ਸੱਟ ਲਗਣ ਦੇ ਬਾਵਜੂਦ ਵੀ ਇਹ ਬੱਚਾ ਹੱਸ ਰਿਹਾ ਹੈ, ਲਾਗੇ ਖਲੋਤੀ ਇਕ ਬਹੁਤ ਹੀ ਬਜੁਰਗ ਔਰਤ ਨੇ ਕਿਹਾ ਕਿ ਇਹ ਬੱਚਾ ਤਾਂ ਸਾਨੂੰ ਹੁਣੇ ਤੋਂ ਹੀ ਸਿਖਿਆ ਦੇ ਰਿਹਾ ਹੈ ਕਿ ਸੁਖ ਅਤੇ ਦੁਖ ਨੂੰ ਬਰਾਬਰ ਹੀ ਜਾਨਣਾ ਹੈ।

ਸੋ ਜਦੋਂ ਬਾਬਾ ਜੀ ੭-੮ ਸਾਲ ਦੇ ਹੋ ਗਏ ਤਾਂ ਬਾਹਰ ਆਪਣੇ ਹਾਣੀ ਮੁੰਡਿਆਂ ਨਾਲ ਖੇਡਣ ਜਾਣ ਲਗ ਪਏ, ਕਈ ਵਾਰੀ ਆਪ ਜੀ ਖੇਡਦਿਆਂ ਖੇਡਦਿਆਂ ਹੀ ਕਿਸੇ ਇਕਾਂਤ ਜਗਾ੍ਹ ਤੇ ਜਾਕੇ ਬੈਠ ਜਾਂਦੇ ਅਤੇ ਗੁਰਬਾਣੀ ਦਾ ਪਾਠ ਅਤੇ ਸਿਮਰਨ ਕਰਨ ਲਗ ਜਾਂਦੇ, ਮੁੰਡੇ ਇਨ੍ਹਾਂ ਨੂੰ ਲਭਕੇ ਫਿਰ ਲੈ ਆਉਂਦੇ, ਜਦੋਂ ਇਹਨਾ ਦੇ ਯਾਰ ਬੇਲੀ ਇਹਨਾਂ ਦੀ ਸਮਾਧੀ ਲਗੀ ਵੇਖਦੇ ਤਾਂ ਬਹੁਤ ਹੈਰਾਨ ਹੋ ਜਾਂਦੇ!

ਸ਼ੋ ਇਸ ਤੋ ਬਾਅਦ ਜਦੋਂ ਬਾਬਾ ਜੀ ੧੫-੧੬ ਸਾਲ ਦੀ ਉਮਰ ਦੇ ਹੋ ਗਏ ਤਾਂ ਆਪ ਜੀ ਦੇ ਪਿਤਾ ਜੀ ਨੇ ਆਪਣੇ ਪਿੰਡ ਗਾਹ ਵਿਚ ਹੀ ਇਹਨਾਂ ਨੂੰ ਕਰਿਆਨੇ ਦੀ ਦੁਕਾਨ ਖੋਲ ਦਿਤੀ, ਇਕ ਦਿਨ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਨੂੰ ਨਾਲ ਲਿਆ ਅਤੇ ਸ਼ਹਿਰ ਚਕਵਾਲ ਜੋ ਕਿ ਪਿੰਡ ਤੋਂ ਤਕਰੀਬਨ ੧੧-੧੨ ਮੀਲ ਦੀ ਦੂਰੀ ਤੇ ਸੀ, ਕਰਿਆਨੇ ਦਾ ਸੌਦਾ ਲੈਣ ਲਈ ਨਾਲ ਲੈ ਗਏ, ਇਹਨਾ ਦੇ ਪਿਤਾ ਜੀ ਨੇ ਇਹਨਾਂ ਨੂੰ ਖੰਡ, ਗੁੜ, ਸ਼ੱਕਰ ਆਦਿ ਹੋਰ ਵਸਤਾਂ ਖਰੀਦ ਕੇ ਖੋਤਿਆਂ ਤੇ ਲੱਦ ਦਿਤੀਆਂ ਅਤੇ ਪਿਤਾ ਜੀ ਨੇ ਇਹਨਾਂ ਨੂੰ ਕਿਹਾ ਕਿ ਪੁੱਤਰ ਤੂੰ ਇਹ ਸੌਦਾ ਲੈਕੇ ਪਿੰਡ ਨੂੰ ਚਲ, ਮੈਂ ਹੋਰ ਕੰਮ ਕਰਕੇ ਬਾਅਦ ਵਿਚ ਆ ਜਾਂਦਾ ਹਾਂ, ਬਾਬਾ ਜੀ ਇਹ ਸਾਰਾ ਸਮਾਨ ਲੈਕੇ ਖੋਤਿਆਂ ਸਮੇਤ ਪਿੰਡ ਨੂੰ ਤੁਰ ਪਏ, ਜੇਠ ਹਾੜ ਦੀ ਧੁਪ ਕਰਕੇ ਖੋਤਿਆਂ ਦੇ ਮਾਲਕ ਨੇ ਕਿਹਾ ਕਿ ਰਾਹ ਵਿਚ ਜਰਾ ਛਾਵੇਂ ਅਰਾਮ ਕਰ ਲਈਏ ਤਾਂ ਰਾਹ ਵਿਚ ਇਕ ਖੂਹ ਦੀ ਸੰਘਣੀ ਛਾਂ ਹੇਠ ਖਲੋ ਗਏ ਅਤੇ ਅਰਾਮ ਕਰਨ ਲਗ ਪਏ, ਇਸ ਖੂਹ ਤੇ ਰੁਖਾਂ ਦੀ ਘਣੀ ਛਾਂ ਸੀ, ਬਾਬਾ ਜੀ ਨੇ ਜਦਂੋ ਦੇਖਿਆ ਕਿ ਔਹ ਇਕ ਸੰਤਾਂ ਦੀ ਮੰਡਲੀ ਲਾਗੇ ਖੂਹ ਦੀ ਸੰਘਣੀ ਛਾਂ ਹੇਠ ਅਰਾਮ ਕਰ ਰਹੀ ਹੈ, ਤਾਂ ਬਾਬਾ ਜੀ ਉਸ ਸੰਤ ਮੰਡਲੀ ਪਾਸ ਪਹੁੰਚ ਗਏ ਅਤੇ ਉਹਨਾਂ ਸੰਤਾਂ ਨੂੰ ਕਹਿਣ ਲਗ ਪਏ ਕਿ ਮਹਾਪੁਰਸ਼ੋ ਮੈਂ ਕੋਈ ਆਪ ਜੀ ਦੀ ਸੇਵਾ ਕਰ ਸਕਦਾ ਹਾਂ ? ਤੁਹਾਡਾ ਇਥੇ ਠਹਿਰਨ ਦਾ ਕੀ ਕਾਰਨ ਹੈ, ਤਾਂ ਸੰਤ ਮੰਡਲੀ ਨੇ ਅਗੋਂ ਕਿਹਾ ਕਿ ਅਸੀਂ ਖੂਹ ਦੀ ਸੰਘਣੀ ਛਾਂ ਦਾ ਸਹਾਰਾ ਲਿਆ ਹੈ ਜਦੋ ਧੁਪ ਘਟ ਜਾਵੇਗੀ ਤਾਂ ਅਸੀਂ ਅਗੇ ਤੁਰ ਜਾਵਾਂਗੇ, ਬਾਬਾ ਜੀ ਨੇ ਉਸ ਮੰਡਲੀ ਨੂੰ ਕਿਹਾ ਕਿ ਮਹਾਂਪੁਰਸ਼ੋ, ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਤੁਹਾਡੇ ਲਈ ਸ਼ਰਬਤ ਬਣਾ ਕੇ ਲਿਆਵਾਂ, ਗਰਮੀ ਬਹੁਤ ਜਿਆਦਾ ਹੈ,ਸੰਤ ਮੰਡਲੀ ਨੇ ਅਗੋ ਕਿਹਾ ਕਿ ਬੱਚਾ,ਇਥੇ ਤਾਂ ਲਾਗੇ ਕੋਈ ਹੱਟੀ ਨਹੀ ਹੈ,ਕੋਈ ਘਰ ਨਹੀ ਹੈ,ਸਾਨੂੰ ਸ਼ਰਬਤ ਲਿਆਕੇ ਕਿਥੋਂ ਪਿਆਂਵੇਗਾ, ਬਾਬਾ ਜੀ ਨੇ ਅਗੋਂ ਸੰਤ ਮੰਡਲੀ ਨੂੰ ਉਤਰ ਦਿਤਾ ਕਿ ਖੰਡ ਮੇਰੇ ਪਾਸ ਬਹੁਤ ਹੈ, ਮੈਂ ਆਪਣੀ ਹੱਟੀ ਲਈ ਆਪਣਾ ਸੌਦਾ ਲੈ ਕੇ ਜਾ ਰਿਹਾ ਹਾ,ਮੈਂ ਛੇਤੀ ਹੀ ਆਪ ਜੀ ਵਾਸਤੇ ਸ਼ਰਬਤ ਬਣਾ ਕੇ ਲਿਆਂਉਦਾ ਹਾਂ, ਸੋ ਬਾਬਾ ਜੀ ਨੇ ਖੰਡ ਦੀ ਬੋਰੀ ਵਿਚੋਂ ੫-੬ ਕਿਲੋ ਖੰਡ ਕੱਢੀ ਅਤੇ ਸ਼ਰਬਤ ਬਣਾ ਕੇ ਸੰਤ ਮੰਡਲੀ ਨੂੰ ਬਹੁਤ ਹੀ ਪਿਆਰ ਨਾਲ ਛਕਾਇਆ।

ਇਸ ਤੋ ਇਲਾਵਾ ਇਕ ਬੋਰੀ ਭੁਜੇ ਹੋਏ ਛੋਲੇ ਸਨ, ਉਹ ਬੋਰੀ ਹੀ ਸੰਤ ਮੰਡਲੀ ਦੇ ਅੱਗੇ ਰੱਖ ਦਿਤੀ, ਸੰਤ ਮੰਡਲੀ ਸ਼ਰਬਤ ਪੀ ਕੇ ਅਤੇ ਛੋਲੇ ਖਾਕੇ ਬਹੁਤ ਹੀ ਪ੍ਰਸੰਨ ਹੋਈ, ਇਹ ਵਰਤਾਰਾ ਕਰ ਕੇ ਬਾਕੀ ਸੌਦਾ ਲੈ ਕੇ ਪਿੰਡ ਆਪਣੀ ਹੱਟੀ ਤੇ ਆ ਗਏ। ਪਿਤਾ ਜੀ ਨੇ ਜਦੋ ਆ ਕੇ ਵੇਖਿਆ ਕੀ ਬੋਰੀਆਂ ਵਿਚ ਸੋਦਾ ਘੱਟ ਹੈ, ਤਾਂ ਉਹਨਾਂ ਨੇ ਬਾਬਾ ਜੀ ਨੂੰ ਪੁਛਿਆ ਕਿ ਸੌਦਾ ਕਿਉਂ ਘੱਟ ਹੈ, ਆਪ ਜੀ ਨੇ ਸੱਚ ਸੱਚ ਦਸ ਦਿਤਾ ਕਿ ਰਾਹ ਵਿਚ ਇਕ ਸੰਤ ਮੰਡਲੀ ਮਿਲ ਪਈ ਸੀ, ਮੈਂ ਉਹਨਾਂ ਦੀ ਸੇਵਾ ਵਿਚ ਕੁਝ ਰਸਤ ਲਾ ਦਿਤੀ ਹੈ, ਪਿਤਾ ਜੀ ਨੇ ਇਹ ਗਲ ਸੁਣ ਕੇ ਇਹਨਾਂ ਦੇ ਮੂੰਹ ਤੇ ਚਪੇੜਾਂ ਕੱਢ ਮਾਰਿਆਂ, ਪਰ ਇਹ ਖਾਮੋਸ਼ ਹੋਕੇ ਕੁਟ ਖਾਈ ਜਾ ਰਹੇ ਸਨ ਇਕ ਅੱਖਰ ਵੀ ਅਗੋਂ ਨਹੀ ਬੋਲੇ, ਹੁਣ ਅਗਾਂਹ ਹੱਟੀ ਤੇ ਜਦੋਂ ਵੀ ਬਹਿ ਜਾਂਦੇ ਤਾ ਹੱਟ ਤੇ ਬੈਠਿਆ ਕਈ ਵਾਰ ਗਰੀਬ ਵੇਖਕੇ ਕਿਸੇ ਨੂੰ ਵਸਤੂ ਬਿਨਾ ਪੈਸਿਆ ਤੋਂ ਹੀ ਦੇ ਦਿੰਦੇ, ਸੋ ਇਹਨਾਂ ਦੇ ਪਿਤਾ ਨੇ ਇਹਨਾਂ ਦਾ ਇਹ ਵਰਤਾਰਾ ਵੇਖ ਕੇ ਆਖਿਰਕਾਰ ਹੱਟ ਹੀ ਬੰਦ ਕਰ ਦਿਤੀ।

ਆਪ ਜੀ ਜਦੋ ੧੭-੧੮ ਸਾਲਾਂ ਦੇ ਹੋ ਗਏ ਤਾਂ ਆਪ ਹਰਰੋਜ਼ ੨੫ ਪਾਠ ਜਪੁਜੀ ਸਾਹਿਬ ਜੀ ਦੇ ਕਰਨ ਲਗ ਪਏ, ਆਪ ਬਾਹਰ ਇਕਾਂਤ ਵਿਚ ਚਲੇ ਜਾਂਦੇ ਅਤੇ ਪਾਠ ਕਰਦੇ ਰਹਿੰਦੇ ਇਹਨਾ ਦਾ ਪਿੰਡ ਇਕ ਛੋਟੀ ਜਿਹੀ ਪਹਾੜੀ ਤੇ ਸਥਿਤ ਸੀ, ਪਹਾੜੀ ਦੇ ਥੱਲੇ ਇਕ ਖੂਹ ਸੀ, ਸਭ ਪਿੰਡ ਨਿਵਾਸੀ ਇਸ ਖੂਹ ਤੋਂ ਪਾਣੀ ਭਰਦੇ ਸਨ, ਖੂਹ ਲਾਗੇ ਇਕ ਸਾਧੂ ਜੋ ਅੱਖਾ ਤੋ ਅੰਨਾਂ ਸੀ, ਉਹਨਾ ਦਾ ਨਾਮ ਗੋਪਾਲ ਸਿੰਘ ਸੀ ਅਤੇ ਉਹ ਨਿਰਮਲ ਸੰਪਰਦਾਇ ਵਿਚੋ ਸਨ, ਉਹ ਹਰਵਕਤ ਰੱਬ ਦੀ ਬੰਦਗੀ ਕਰਦੇ ਰਹਿੰਦੇ ਸਨ, ਉਹ ਸਾਧੂ ਸਾਰੀ ਉਮਰ ਪਲੰਘ ਤੇ ਨਹੀ ਸਨ ਸੁਤੇ, ਤਖਤ ਪੋਸ਼ ਤੇ ਹੀ ਬਹਿੰਦੇ ਤੇ ਸੋਂਦੇ ਸਨ, ਉਹ ਉਪਦੇਸ਼ ਦਿੰਦੇ ਸਨ ਕਿ ਆਖਰਕਾਰ ਹਰ ਇਨਸਾਨ ਨੂੰ ਫੱਟੇ ਤੇ ਪੈਕੇ ਹੀ ਸਮਸਾਨਘਾਟ ਜਾਣਾ ਪੈਣਾ ਹੈ, ਕਿਉ ਨਾ ਅਸੀਂ ਇਸ ਫੱਟੇ ਨੂੰ ਪਹਿਲਾਂ ਹੀ ਆਪਣੀ ਸੇਜ ਬਣਾ ਲਈਏ, ਉਸ ਸਾਧੂ ਗੋਪਾਲ ਸਿੰਘ ਜੀ ਦਾ ਇਹਨਾਂ ਦੇ ਜੀਵਨ ਤੇ ਬਹੁਤ ਹੀ ਗੂੜਾ ਅਸਰ ਪਿਆ, ਇਹਨਾਂ ਦਾ ਪਿੰਡ ਵਿਚ ਪਹਿਲਾ ਨਾਮ ਜੈ ਰਾਮ ਹੁੰਦਾ ਸੀ ਪਰ ਜਦੌਂ ਮਹਾਪੁਰਸ਼ ਬਾਬਾ ਗੁਪਾਲ ਸਿੰਘ ਜੀ ਦੀ ਪਿਆਰੀ ਸੰਗਤ ਹੋ ਗਈ ਤਾ ਇਹਨਾਂ ਦਾ ਨਾਮ ਜੈਰਾਮ ਤੋ ਜੈਮਲ ਸਿੰਘ ਰੱਖ ਦਿਤਾ ਗਿਆ।

ਬਾਬਾ ਜੀ ਦੀ ਵੈਰਾਗ ਵਾਲੀ ਬਿਰਤੀ ਵੇਖ ਕੇ ਇਹਨਾਂ ਦੇ ਪਿਤਾ ਜੀ ਨੂੰ ਬਹੁਤ ਵੱਡਾ ਫਿਕਰ ਰਹਿੰਦਾ ਸੀ। ਇਸੇ ਫਿਕਰ ਸਦਕਾ ਇਕ ਦਿਨ ਇਹਨਾਂ ਦੇ ਪਿਤਾ ਜੀ ਨੇ ਮਾਤਾ ਜੀ ਨਾਲ ਸਲਾਹ ਕੀਤੀ ਕਿ ਜੇ ਆਪਾਂ ਆਪਣੇ ਬਾਲਕ ਦਾ ਵਿਆਹ ਕਰ ਦਈਏ ਤਾਂ ਇਹ ਆਪਣੇ ਟੱਬਰ ਵਿਚ ਰੁਝ ਜਾਵੇਗਾ, ਪਿਤਾ ਜੀ ਇਹ ਸਲਾਹ ਕਰਕੇ ਪਿੰਡ ਚਕਵਾਲ ਉਸ ਦੁਕਾਨਦਾਰ ਕੋਲ ਚਲੇ ਗਏ, ਜਿਸ ਕੋਲੋ ਇਹ ਹੱਟੀ ਦਾ ਸਾਰਾ ਸੋਦਾ ਲੈਕੇ ਆਉਦੇ ਸਨ,ਉਸ ਦੁਕਾਨਦਾਰ ਦੀ ਇਕ ਜਵਾਨ ਲੜਕੀ ਸੀ ਉਹ ਦੁਕਾਨਦਾਰ ਇਹਨਾ ਦੇ ਪਿਤਾ ਜੀ ਨੂੰ ਤੇ ਇਹਨਾ ਨੂੰ ਬਹੁਤ ਚੰਗੀ ਤਰਾ੍ਹ ਜਾਣਦਾ ਸੀ, ਕਿ ਇਹ ਇਕ ਸ਼ਰੀਫ ਖਾਨਦਾਨ ਹੈ, ਜਦੋ ਇਹਨਾ ਦੇ ਪਿਤਾ ਜੀ ਨੇ ਉਸ ਦੁਕਾਨਦਾਰ ਨਾਲ ਰਿਸ਼ਤੇ ਦੀ ਗਲ ਕੀਤੀ ਤਾ ਉਸ ਦੁਕਾਨਦਾਰ ਨੇ ਆਪਣੀ ਲੜਕੀ ਦੇ ਰਿਸ਼ਤੇ ਦੀ ਹਾਂ ਕਰ ਦਿਤੀ, ਉਸ ਦੁਕਾਨਦਾਰ ਨੇ ਇਹਨਾਂ ਦੇ ਪਿਤਾ ਜੀ ਨੂੰ ਕਿਹਾ ਕਿ ਸਾਨੂੰ ਇਕ ਵਾਰ ਆਪਣਾ ਸਪੁੱਤਰ ਦਿਖਾ ਦਿਉ, ਮੁੰਡਾ ਭਾਵੇ ਮੈਂ ਅੱਗੇ ਵੇਖਿਆ ਹੀ ਹੈ ਪਰ ਮੇਰੇ ਪ੍ਰੀਵਾਰ ਦੇ ਸਾਰੇ ਜੀਅ ਲੜਕਾ ਵੇਖਣਾ ਚਾਹੁੰਦੇ ਹਨ। ਦਿਨ ਮੁਕਰਰ ਹੋ ਗਿਆ, ਇਹਨਾ ਨੂੰ ਵਧੀਆ ਕਪੱੜੇ ਪੁਆਕੇ ਦੇ ਪਿਤਾ ਜੀ ਚਕਵਾਲ ਸ਼ਹਿਰ ਵਿਚ ਉਸ ਦੁਕਾਨਦਾਰ ਪਾਸ ਲੈ ਆਏ। ਇਹਨਾ ਨੂੰ ਇਕ ਦਰਜੀ ਦੀ ਦੁਕਾਨ ਤੇ ਬਿਠਾ ਦਿਤਾ ਅਤੇ ਉਸ ਦੁਕਾਨਦਾਰ ਨੂੰ ਖਬਰ ਕਰ ਦਿਤੀ ਕਿ ਲੜਕਾ ਐਸ ਵਕਤ ਲਾਗੇ ਹੀ ਦਰਜ਼ੀ ਦੀ ਦੁਕਾਨ ਤੇ ਬੈਠਾ ਹੋਇਆ ਹੈ, ਵੇਖ ਲਵੋ। ਬਾਬਾ ਜੀ ਜਦਂੋ ਉਸ ਦਰਜ਼ੀ ਦੀ ਦੁਕਾਨ ਤੇ ਬੈਠੇ ਸਨ ਤਾਂ ਬਜ਼ਾਰ ਵਿਚ ਇਕ ਪਿੰਗਲਾ ਜਿਸ ਦੇ ਹੱਥਾਂ ਪੈਰਾਂ ਵਿਚੋਂ ਬਦਬੂ ਆ ਰਹੀ ਸੀ,ਉਹ ਉਚੀ ਉਚੀ ਅਵਾਜਾਂ ਰਾਹੀਂ ਤਰਲੇ ਲੈ ਰਿਹਾ ਸੀ ਕਿ ਰੱਬ ਦੇ ਨਾਮ ਤੇ ਕੋਈ ਪਿਆਰਾ ਮੈਨੂੰ ਕੋਈ ਕਪੜਾ ਦੇ ਦੇਵੇ, ਠੰਡ ਬਹੁਤ ਜਿਆਦਾ ਲਗ ਰਹੀ ਹੈ, ਸਹਿਣ ਨਹੀ ਕੀਤੀ ਜਾ ਰਹੀ, ਆਪ ਜੀ ਨੂੰ ਉਸ ਪਿੰਗਲੇ ਦੀ ਹਾਲਤ ਤੇ ਤਰਸ ਆ ਗਿਆ ਤਾਂ ਬਾਬਾ ਜੀ ਨੇ ਆਪਣੇ ਸਰੀਰ ਦੇ ਕਪੜੇ ਲਾਹ ਕੇ ਉਸ ਪਿੰਗਲੇ ਨੂੰ ਦੇ ਦਿਤੇ, ਇਤਨੇ ਨੂੰ ਲੜਕੀ ਦੇ ਮਾਤਾ ਪਿਤਾ ਤੇ ਹੋਰ ਸਾਕ ਸਬੰਧੀ ਉਸ ਦਰਜੀ ਦੀ ਦੁਕਾਨ ਤੇ ਆ ਗਏ, ਤਾਂ ਉਹਨਾ ਵੇਖਿਆ ਕੀ ਇਸ ਲੜਕੇ ਨੇ ਆਪੜੇ ਸਾਰੇ ਕਪੜੇ ਲਾਹ ਕੇ ਉਸ ਪਿੰਗਲੇ ਨੂੰ ਦੇ ਦਿਤੇ ਹਨ, ਇਹ ਕੋਈ ਤਿਆਗੀ ਬੈਰਾਗੀ ਰੂਹ ਲਗਦੀ ਹੈ, ਜੇ ਅਸੀਂ ਆਪਣੀ ਲੜਕੀ ਇਸ ਨਾਲ ਵਿਆਹ ਦਿਤੀ ਤਾਂ ਇਹ ਉਸ ਦੇ ਗਹਿਣੇ ਵੀ ਕਿਸੇ ਗਰੀਬ ਲਾਚਾਰ ਨੂੰ ਦੇ ਸਕਦਾ ਹੈ, ਸੋ ਇਹ ਕੌਤਕ ਵੇਖਕੇ ਉਸ ਦੁਕਾਨਦਾਰ ਨੇ ਇਹਨਾ ਦੇ ਪਿਤਾ ਜੀ ਨੂੰ ਕਿਹਾ ਕੀ ਤੁਹਾਡਾ ਲੜਕਾ ਗ੍ਰਹਿਸਥੀ ਹੋਣ ਦੇ ਲਾਇਕ ਨਹੀ ਹੈ ਮੁਆਫ ਕਰਨਾ, ਅਸੀ ਇਹ ਸਾਕ ਨਹੀ ਕਰ ਸਕਦੇ।

ਇਹ ਸੁਣ ਕੇ ਇਹਨਾ ਦੇ ਪਿਤਾ ਜੀ ਬਹੁਤ ਦੁਖੀ ਹੋਏ ਅਤੇ ਗੁਸੇ ਵਿਚ ਆਕੇ ਕਹਿਣ ਲਗ ਪਏ ਕਿ ਤੂੰ ਮੇਰਾ ਨੱਕ ਵੱਡ ਦਿਤਾ ਹੈ,ਤੇਨੂੰ ਆਪਣੇ ਕਪੜੇ ਲਾਹ ਕੇ ਪਿੰਗਲੇ ਨੂੰ ਦੇਣ ਦੀ ਕੀ ਲੋੜ ਸੀ, ਸੋ ਗੁਸੇ ਵਿਚ ਪਿੰਡ ਲੈ ਆਏ ਅਤੇ ਘਰ ਆ ਕੇ ਮਾਤਾ ਨੂੰ ਵੀ ਕਹਿਣ ਲਗ ਪਏ ਕਿ ਐਸਾ ਬਾਲ ਤੂੰ ਨਾ ਹੀ ਜੰਮਦੀ ਤਾਂ ਚੰਗਾ ਸੀ, ਇਸਨੇ ਅਜ ਸਮਾਜ ਵਿਚ ਮੇਰਾ ਨੱਕ ਵਡ ਕੇ ਰਖ ਦਿਤਾ ਹੈ, ਪਿਤਾ ਜੀ ਨੇ ਇਸਤਂੋ ਬਾਅਦ ਇਹਨਾ ਨੂੰ ਘਰੋ ਕੱਢ ਦਿਤਾ। ਆਪ ਜੀ ਨੇ ਪਿਤਾ ਜੀ ਨੂੰ ਅਗਂੋ ਕੁਝ ਨਹੀ ਕਿਹਾ ਅਤੇ ਪਿੰਡੋ ਬਾਹਰ ਕਬਰਸਤਾਨ ਵਿਚ ਆਕੇ ਬੈਠ ਗਏ,ਮਾਤਾ ਜੀ ਚੋਰੀ ਇਹਨਾ ਨੂੰ ਕਬਰਸਤਾਨ ਵਿਚ ਰੋਟੀ ਦੇ ਕੇ ਆਉਂਦੇ ਸਨ ਐਸੇ ਦਿਨਾਂ ਵਿਚ ਵੀ ਬਾਬਾ ਜੀ ਦਾ ੨੫ ਜੁਪਜੀ ਸਾਹਿਬ ਜੀ ਦੇ ਪਾਠਾਂ ਦਾ ਨਿਤਨੇਮ ਨਿਰੰਤਰ ਜਾਰੀ ਰਹਿੰਦਾ ਸੀ।

ਇਕ ਦਿਨ ਆਪ ਜੀ ਆਪਣੇ ਪਿੰਡ ਗਾਹ ਤੋਂ ਥੋੜੀ ਦੂਰ ਇਕ ਪਹਾੜੀ ਤੇ ਬੈਠਕੇ ਪਾਠ ਕਰ ਰਹੇ ਸਨ ਤਾਂ ਵੇਖਿਆ ਕਿ ਇਕ ਸੱਪ ੨ ਗਿਠਾਂ ਲੰਮਾ ਅਤੇ ਇਕ ਉਂਗਲ ਮੋਟਾ ਬਿਜਲੀ ਵਾਂਗ ਚਮਕਦਾ ਇਹਨਾ ਵੱਲ ਆ ਰਿਹਾ ਸੀ ਪੰ੍ਰਤੂ ਆਪ ਘਬਰਾਏ ਨਹੀ, ਆਪ ਸਪਾਧੀ ਲੀਨ ਹੀ ਰਹੇ, ਸੱਪ ਨੇ ਪੈਰ ਦਾ ਅੰਗੂਠਾ ਛੂਹਿਆ ਅਤੇ ਚਲਾ ਗਿਆ। ਇਹ ਕੋਤਕ ਪਿੰਡ ਦੇ ਇਕ ਆਦਮੀ ਨੇ ਵੇਖਿਆ ਤਾ ਐਸੇ ਕੋਤਕ ਦੀ ਇਹਨਾਂ ਦੇ ਪਿੰਡ ਵਿਚ ਵੱਡੀ ਚਰਚਾ ਹੋਈ।

ਇਕ ਦਿਨ ਇਕ ਬੈਲ ਗੱਡੀ ਵਾਲਾ ਪਿੰਡ ਚਕਵਾਲ ਵਾਲੀ ਸੜਕ ਤੇ ਆਪਣੀ ਗੱਡੀ ਤੇ ਬਹੂਤ ਵੱਡਾ ਭਾਰ ਲੱਦ ਕੇ ਲਈ ਜਾ ਰਿਹਾ ਸੀ, ਜੇਠ ਹਾੜ ਦਾ ਮਹੀਨਾ ਸੀ, ਬੈਲ ਜਿਆਦਾ ਭਾਰ ਹੋਣ ਕਰਕੇ ਬਹੁਤ ਹੀ ਤੰਗ ਹੋ ਰਿਹਾ ਸੀ, ਬੈਲ ਦੀ ਜੁਬਾਨ ਬਾਹਰ ਨਿਕਲੀ ਹੋਈ ਸੀ ਅਤੇ ਬੈਲ ਦੀਆਂ ਅੱਖਾ ਵਿਚੋ ਪਾਣੀ ਵਗ ਰਿਹਾ ਸੀ, ਆਪ ਜੀ ਨੇ ਜਦੋਂ ਬੈਲ ਦੀ ਐਸੀ ਹਾਲਤ ਦੇਖੀ ਤਾਂ ਇਹਨਾਂ ਨੇ ਬੈਲ ਦੇ ਮਾਲਕ ਨੂੰ ਕਿਹਾ ਕਿ ਵੇਖ ਤੇਰੇ ਬੈਲ ਦਾ ਕੀ ਹਾਲ ਹੋ ਰਿਹਾ ਹੈ, ਇਹ ਰੋ ਰਿਹਾ ਹੈ ਤੂੰ ਇਸਤੇ ਤਰਸ ਕਰ, ਤੂੰ ਵੀ ਰੱਬ ਦੀ ਦਰਗਾਹ ਵਿਚ ਲੇਖਾ ਜੋਖਾ ਦੇਣਾ ਹੈ, ਬੈਲ ਨੂੰ ਥੋੜਾ ਅਰਾਮ ਕਰਵਾ ਦੇ। ਬੈਲ ਵਾਲਾ ਇਹਨਾਂ ਦੇ ਪਿੰਡ ਦਾ ਹੀ ਸੀ, ਉਹ ਡਰ ਗਿਆ ਕਿaਿਕ ਸਾਰਿਆਂ ਨੂੰ ਪਤਾ ਲਗ ਗਿਆ ਸੀ ਕਿ ਇਹ ਕੋਈ ਬੈਰਾਗੀ ਸਾਧੂ ਹੈ, ਬੈਲ ਵਾਲੇ ਨੇ ਬੈਲ ਨੂੰ ਅਰਾਮ ਕਰਵਾਇਆ, ਬਾਬਾ ਜੀ ਪਾਸ ਕੁਝ ਰੋਟੀਆਂ ਸਨ, ਇਹ ਰੋਟੀਆਂ ਬੈਲ ਨੂੰ ਖੁਆ ਦਿਤੀਆਂ, ਬੈਲ ਦੇ ਸਿਰ ਉੇਪਰ ਆਪ ਹੱਥ ਫੇਰੀ ਜਾ ਰਹੇ ਸਨ, ਬੈਲ ਦੀ ਰੂਹ ਬਹੁਤ ਖੁਸ਼ ਹੋ ਰਹੀ ਸੀ।

ਬੈਲ ਵਾਲਾ ਹੁਣ ਆਪਣੇ ਘਰ ਚਲਾ ਗਿਆ ਤੇ ਉਸਨੇ ਇਹ ਸਾਰੀ ਵਾਰਤਾ ਆਪਣੀ ਪਤਨੀ ਨੂੰ ਸੁਣਾਈ ਅਤੇ ਕਹਿਣ ਲਗ ਪਿਆ ਕਿ ਸਾਰਾ ਪਿੰਡ ਕਹਿੰਦਾ ਹੈ, ਕਿ ਸ਼ੇਰ ਸਿੰਘ ਦਾ ਪੁਤ ਮਸਤਾਨਾ ਹੈ ਜੋ ਮੂੰਹ ਵਿਚੋ ਬੋਲਦਾ ਹੈ ਸੱਚ ਹੋ ਜਾਂਦਾ ਹੈ ਬਹੁਤ ਹੀ ਦਿਆਲੂ ਸੁਭਾਅ ਵਾਲਾ ਹੈ, ਤਾਂ ਗੱਡੀ ਵਾਲੇ ਦੀ ਅੋਰਤ ਨੇ ਕਿਹਾ ਕਿ ਸਾਡੇ ਘਰ ਕੋਈ ਅੋਲਾਦ ਨਹੀ ਹੈ ਚਲੋ ਆਪਾਂ ਉਹਨਾ ਅਗੇ ਜਾ ਕੇ ਅਰਜੋਈ ਕਰੀਏ, ਸ਼ਾਇਦ ਉਨਾਂ ਦੇ ਦੁਆ ਕੀਤਿਆਂ ਸਾਡੀ ਗੋਦੀ ਵੀ ਪੁਤ ਦੀ ਦਾਤ ਆ ਜਾਵੇ।

ਹੁਣ ਦੋਵੇਂ ਜੀ ਸੋਚਣ ਲਗ ਪਏ ਕਿ ਉਹ ਸਾਧੂ ਹਿੰਦੂ ਹੈ ਅਸੀਂ ਮਸਲਮਾਨ ਹਾਂ, ਪਤਾ ਨਹੀ ਸਾਡੀ ਕੋਈ ਵਸਤੂ ਪ੍ਰਵਾਨ ਕਰੇ ਕੇ ਨਾ, ਅਖੀਰ ਉਹਨਾਂ ਫੈਸਲਾ ਕੀਤਾ ਕਿ ਆਪਣੀ ਘਰ ਦੀ ਬੇਰੀ ਦੇ ਬੇਰ ਬਹੁਤ ਮਿਠੇ ਹਨ, ਉਹ ਹੀ ਲੈ ਚਲੀਏ, ਉਹ ਇਸ ਫਲ ਨੂੰ ਨਹੀ ਮੋਣਨਗੇ, ਹੁਣ ਦੋਹਾਂ ਜੀਆਂ ਨੇ ਬੇਰ ਝੋਲੀ ਵਿਚ ਪਾ ਲਏ ਅਤੇ ਉਨਾਂ ਨੂੰ ਲਭਣ ਚਲੇ ਗਏ, ਲਭਦਿਆਂ ਲਭਦਿਆਂ ਉਸ ਜਗਾ੍ਹ ਤੇ ਚਲੇ ਗਏ, ਜਿਥੇ ਆਪ ਵਾਹਿਗੁਰੂ ਜੀ ਦੇ ਚਰਨਾਂ ਵਿਚ ਸਮਾਧੀ ਲਾਈ ਬੈਠੇ ਸਨ, ਹੁਣ ਬੈਲ ਗੱਡੀ ਵਾਲੇ ਨੇ ਸਲਾਮਾਏਕਮ ਕਹਿੰਦੇ ਨੇ ਬੇਰ ਬਾਬਾ ਜੀ ਦੇ ਅੱਗੇ ਰਖ ਦਿਤੇ ਅਤੇ ਦੋਵੇਂ ਜੀਅ ਸਾਹਮਣੇ ਬੈਠ ਗਏ, ਆਪ ਜੀ ਨੇ ਇਕ ਦੋ ਬੇਰ ਚੁਕ ਕੇ ਮੂੰਹ ਵਿਚ ਪਾ ਲਏ ਅਤੇ ਬੇਰ ਖਾਂਦੇ ਖਾਂਦੇ ਕਹਿਣ ਲਗ ਪਏ ਕਿ ਇਥੇ ਕੀ ਕਰਨ ਆਏ ਹੋ? ਕੀ ਚਾਹੁੰਦੇ ਹੋ? ਬੈਲ ਗੱਡੀ ਵਾਲਾ ਦੋਵੇ ਹਥ ਜੋੜ ਕੇ ਬੇਨਤੀ ਕਰਨ ਲਗਾ, ਕਿ ਫਕੀਰ ਜੀ, ਸਾਡੀ ਝੋਲੀ ਖੈਰ ਪਾ ਦਿa, ਅਸੀਂ ਅੋਲਾਦ ਤੋਂ ਸਖਣੇ ਹਾਂ, ਖੁਦਾ ਅਗੇ ਅਰਜ ਕਰ ਦਿa, ਸਾਡੇ ਘਰ ਔਲਾਦ ਦੀ ਦਾਤ ਆ ਜਾਵੇ, ਆਪ ਇਕਦਮ ਕਹਿਣ ਲਗੇ ਕਿ ਦੋ ਬੇਰ ਖੋਆਕੇ ਠੱਗਣ ਆ ਗਏ ਹੋ, ਤੂੰ ਉਹੋ ਹੀ ਹਂੈ, ਜਿਸਨੇ ਬੈਲ ਤੇ ਬਹੁਤ ਜਿਆਦਾ ਭਾਰ ਲੱਦਿਆ ਹੋਇਆ ਸੀ ਅਤੇ ਉਸਦਾ ਬੁਰਾ ਹਾਲ ਕੀਤਾ ਹੋਇਆ ਸੀ ਅਸੀਂ ਇਥੇ ਬੈਠੇ ਬੱਚੇ ਘੜ ਰਹੇ ਹਾਂ, ਭਜ ਜਾa ਇਥੋ। ਉਹ ਦੋਵੇਂ ਜੀਅ ਨਿਰਾਸ਼ ਹੋ ਕੇ ਵਾਪਸ ਆ ਗਏ, ਉਹਨਾ ਕਿਸੇ ਸਿਆਣੇ ਗੁਰਮੁਖ ਨਾਲ ਗਲ ਕੀਤੀ, ਉਸ ਗੁਰਮੁਖ ਨੇ ਕਿਹਾ ਕੀ ਇਹ ਫਕੀਰਾਂ ਦੀ ਮੌਜ ਹੁੰਦੀ ਹੈ, ਤੁਸੀਂ ਸਮਝੋ ਕਿ ਉਨ੍ਹਾਂ ਤੁਹਾਡੀ ਝੋਲੀ ਭਰ ਦਿਤੀ ਹੈ, ਸਮਾਂ ਪਾ ਕੇ ਉਸ ਅੋਰਤ ਨੂੰ ਪੁਤਰ ਦੀ ਦਾਤ ਪ੍ਰਾਪਤ ਹੋ ਗਈ, ਸੰਗਤ ਜੀ, ਸਾਧੂ ਪੁਰਸ਼ਾਂ ਦੇ ਜਿੰਦਗੀ ਵਿਚ ਐਸੇ ਕਈ ਕੋਤਕ ਹੁੰਦੇ ਹਨ, ਸੋ ਬਾਬਾ ਜੀ ਹਰਵਕਤ ਪ੍ਰਭੂ ਭਗਤੀ ਵਿਚ ਜੁੜੇ ਹੀ ਰਹਿੰਦੇ ਸਨ।

ਸੋ ਦਾਸ ਨੇ ਹਰੀ ਸਿੰਘ ਦੀ ਲਿਖੀ ਕਿਤਾਬ ਪੜੀ ਹੈ ਜੋ ਉਨਾਂ ਨੇ ਤਕਰੀਬਨ ਸੰਨ ੧੯੭੭ ਵਿਚ ਲਿਖੀ ਸੀ, ਮਹਾਂਪੁਰਸ਼ਾਂ ਦੇ ਜੀਵਨ ਦੀਆਂ ਐਸੀਆਂ ਘਟਨਾਵਾਂ ਪੜਨ ਦੇ ਨਾਲ ਆਮ ਹੀ ਗੁਰਸਿਖਾਂ ਦੀ ਆਤਮਿਕ ਅਵਸਥਾ ਵਿਚ ਵਾਧਾ ਹੁੰਦਾ ਹੈ, ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦੇ ਜੀਵਨ ਦੀ ਗਾਥਾ ਵੀ ਨਿਰਮਲੇ ਮਹਾਪੁਰਸ਼ਾਂ ਵਿਚੋ ਇਕ ਬਿੱਰਕਤ ਸਾਧੂਆ ਵਾਂਗ ਬਹੁਤ ਹੀ ਪਿਆਰੀ ਹੈ।

ਸੋ ਬਾਬਾ ਜੀ ਨੇ ਆਪਣੇ ਪਿੰਡ ਲਾਗੇ ਰਹਿੰਦਿਆ ਜਵਾਨ ਅਵਸਥਾ ਵਿਚ ਕਈ ਤਰਾ੍ਹ ਦੇ ਦੁਨਿਆਵੀ ਕੰਮ ਕੀਤ,ੇ ਹੁਣ ਉਹ ਪਿੰਡ ਤੋਂ ਥੋੜੀ ਦੂਰ ਸ਼ਹਿਰ ਮਰਦਾਨ ਵਿਖੇ ਆ ਗਏ, ਜਿਥੇ ਬਾਬਾ ਜੀ ਨੇ ਪਾਂਡੀ ਦਾ ਕੰਮ ਸ਼ੁਰੂ ਕਰ ਲਿਆ, ਹਰਰੋਜ਼ ਇਧਰ ਉਧਰ ਸਮਾਨ ਦੀਆਂ ਪੰਡਾ ਚੁਕਦੇ, ਆਪ ਕਿਸੇ ਵੀ ਗਾਹਕ ਨਾਲ ਮਜਦੂਰੀ ਤਹਿ ਕਰਕੇ ਨਹੀ ਸਨ ਤੁਰਦੇ, ਜੋ ਵੀ ਕੋਈ ਦੇ ਦਿੰਦਾ ਸੀ, ਰੱਬੀ ਮਜਦੂਰੀ ਜਾਣਕੇ ਲੈਂਦੇ ਸਨ, ਉਸ ਟਾਇਮ ਤੇ ਚਾਰ ਆਨੇ ਵਿਚ ਇਕ ਟਾਈਮ ਦੀ ਰੋਟੀ ਵਧੀਆ ਮਿਲ ਜਾਂਦੀ ਸੀ, ਜਦੋ ਆਪ ਜੀ ਨੂੰ ਚਾਰ ਆਨੇ ਦੀ ਮਜਦੂਰੀ ਮਿਲ ਜਾਂਦੀ, ਆਪ ਇਕਾਂਤ ਵਿਚ ਜਾਕੇ ਸ਼੍ਰੀ ਜਪੁਜੀ ਸਾਹਿਬ ਜੀ ਦੇ ਪਾਠ ਕਰਨ ਲਗ ਜਾਂਦੇ, ਆਪ ਜੀ ਨੇ ੨੫ ਜਪੁਜੀ ਸਾਹਿਬ ਦੇ ਪਾਠ ਕਰਨ ਦੇ ਨਿਤਨੇਮ ਵਿਚ ਕਦੇ ਨਾਗਾ ਨਹੀ ਸੀ ਪਾਇਆ , ਹੁਣ ਲਾਗੇ ਸਾਰੇ ਸ਼ਹਿਰ ਵਿਚ ਬਾਬਾ ਜੀ ਦੇ ਗੁਣਾ ਦੀ ਮਹਿਕ ਫੈਲ ਗਈ, ਆਮ ਹੀ ਚਰਚਾ ਹੋਣ ਲਗ ਪਈ ਕਿ ਇਸ ਸ਼ਹਿਰ ਵਿਚ ਇਕ ਨਵਾਂ ਹੀ ਪਾਂਡੀ ਆਇਆ ਹੈ, ਜੋ ਕਿਸੇ ਨਾਲ ਮਜਦੂਰੀ ਤਹਿ ਨਹੀ ਕਰਦਾ, ਮਜਦੂਰੀ ਕਰਦਿਆਂ ਕਰਦਿਆਂ ਬਾਣੀ ਹੀ ਪੜਦਾ ਰਹਿੰਦਾ ਹੈ, ਬਹੁਤ ਹੀ ਨੇਕ ਇਨਸਾਨ ਹੈ, ਕਈ ਲੋਕ ਆਪ ਜੀ ਦੇ ਦਰਸ਼ਨ ਕਰਨ ਲਈ ਖਲੋ ਜਾਂਦੇ, ਮਰਦਾਨ ਸ਼ਹਿਰ ਦੀ ਮੰਡੀ ਵਿਚ ਲਾਲਾ ਬਿਸ਼ਨ ਦਾਸ ਜੀ, ਲਾਲਾ ਸੁੰਦਰ ਦਾਸ ਜੀ,ਅਤੇ ਹਰੀ ਸਿੰਘ ਵਰਗੇ ਆਪ ਜੀ ਦੀ ਬੰਦਗੀ ਸਦਕਾ ਆਪ ਜੀ ਦੇ ਸੇਵਕ ਬਣ ਗਏ, ਉਹ ਹਰਰੋਜ ਸਮਾਂ ਕੱਢਕੇ ਇਹਨਾਂ ਕੋਲ ਰੱਬੀ ਨਾਮ ਦੀ ਕਥਾ ਸੁਣਦੇ।

ਇਕ ਦਿਨ ਮਰਦਾਨ ਸ਼ਹਿਰ ਵਿਚ ਕਿਸੇ ਆਦਮੀ ਨੇ ਆਪ ਤੋਂ ਸਮਾਨ ਚੁਕਾਇਆ, ਭਾਰ ਤਕਰੀਬਨ ਦੋ ਮਣ ਸੀ, ਆਪਜੀ ਦਾ ਸਰੀਰ ਬਹਾਤ ਹੀ ਤਕੜਾ ਅਤੇ ਰਿਸ਼ਟ ਪੁਸ਼ਟ ਸੀ, ਜਤ ਸਤ ਧਾਰਨ ਕਰਕੇ ਆਪ ਜੀ ਦਾ ਸਰੀਰ ਸਭ ਪਾਡੀਆਂ ਤੋਂ ਤਕੜਾ ਸੀ, ਬਾਬਾ ਜੀ ਇਹ ਦੋ ਮਣ ਦੀ ਪੰਡ ਭਾਰ ਚੁਕਾਉਣ ਵਾਲੇ ਮਾਲਕ ਦੇ ਘਰ ਲੈ ਗਏ, ਅਤੇ ਉਸਨੇ ਬਾਬਾ ਜੀ ਨੂੰਂ ੮ ਆਨੇ ਮਜਦੂਰੀ ਦੇ ਦਿਤੀ, ਬਾਬਾ ਜੀ ਨੇ ੮ ਆਨੇ ਵਿਚੋਂ ੪ ਆਨੇ ਰੱਖ ਲਏ ਅਤੇ ਬਾਕੀ ਉਸਨੂੰ ੪ ਆਨੇ ਵਾਪਸ ਕਰ ਦਿਤੇ, ਉਸ ਮਾਲਕ ਨੇ ਫਿਰ ੪ ਆਨੇ ਬਾਬਾ ਜੀ ਨੂੰ ਦੇਣ ਦੀ ਕੋਸ਼ਿਸ਼ ਕੀਤੀ, ਪਰ ਬਾਬਾ ਜੀ ਨੇ ਨਹੀ ਲਏ, ਉਹ ਭਾਰ ਚੁਕਾaਣ ਵਾਲਾ ਹੈਰਾਨ ਸੀ ਕਿ ਇਹ ਕੋਈ ਫਰਿਸ਼ਤਾ ਤਾਂ ਨਹੀ ਹੈ, ਪਾਂਡੀ ਤਾਂ ਜਿਨੀ ਮਜਦੂਰੀ ਦਈਏ, ਉਸ ਤੋ ਅਗਾਹ ਹੋਰ ਵੀ ਮੰਗੀ ਜਾਂਦੇ ਹਨ, ਇਹ ਨਿਵੇਕਲਾ ਹੀ ਪਾਂਡੀ ਹੈ, ਉਹ ਮਾਲਕ ਬਹੁਤ ਹੈਰਾਨ ਹੋ ਰਿਹਾ ਸੀ, ਅਖੀਰ ਬਾਬਾ ਜੀ ਨੇ ਉਸ ਨੂੰ ਕਿਹਾ ਕੀ ਭਾਈ, ਮੈਂ ਅੱਠੀ ਪਹਿਰੀ ਇਕ ਟਾਇਮ ਰੋਟੀ ਖਾਂਦਾ ਹਾਂ, ਸਾਨੂੰ ੪ ਆਨੇ ਵਿਚ ਇਕ ਟਾਈਮ ਦੀ ਰੋਟੀ ਮਿਲ ਜਾਂਦੀ ਹੈ, ਸੋ ਅਜ ਦੀ ਰੋਟੀ ਸਾਨੂੰ ਮਾਲਕ ਨੇ ਦੇ ਦਿਤੀ ਹੈ, ਕਲ ਦੀ ਰੋਟੀ ਦਾ ਉਸ ਰਾਜਕ ਰੱਬ ਨੂੰ ਫਿਕਰ ਹੈ, ਇਹ ਸੁਣ ਕੇ ਉਹ ਮਾਲਕ ਅਤਿ ਪ੍ਰਸੰਨ ਹੋਇਆ।

ਸੋ ਸ਼ਹਿਰ ਦੇ ਆਮ ਹੀ ਲੋਕ ਇਹਨਾ ਨੂੰ ਸੱਚਾ ਦਰਵੇਸ਼ ਮੰਨਣ ਲਗ ਪਏ, ਹੁਣ ਲੋਕ ਡਰਨ ਲਗ ਪਏ ਕਿ ਇਸ ਦਰਵੇਸ਼ ਕੋਲਂੋ ਭਾਰ ਨਹੀ ਚੁਕਾaਣਾ, ਸਾਨੂੰ ਦਰਗਾਹ ਵਿਚ ਲੇਖਾ ਜੋਖਾ ਦੇਣਾ ਪਵੇਗਾ, ਹੁਣ ਇਹਨਾਂ ਦੇ ਵੱਡੇ ਸਤਿਕਾਰ ਵਜੋ ਇਹਨਾ ਕੋਲੋਂ ਕੋਈ ਵੀ ਮਜਦੂਰੀ ਨਾ ਕਰਵਾਉਦਾ, ਸੋ ਜਦੋ ਇਹਨਾ ਨੂੰ ਉਥੋ ਮਜਦੂਰੀ ਮਿਲਨੀ ਬੰਦ ਹੋ ਗਈ, ਤਾ ਇਹਨਾ ਨੇ ਉਹ ਸ਼ਹਿਰ ਛੱਡ ਦਿਤਾ,ਸੋ ਹੁਣ ਆਪ ਇਹ ਮਰਦਾਨ ਸ਼ਹਿਰ ਛੱਡ ਕੇ ਲਾਇਲਪੁਰ ਸ਼ਹਿਰ ਆ ਗਏ।

ਲਾਇਲਪੁਰ ਸ਼ਹਿਰ ਆ ਕੇ ਹੁਣ ਆਪ ਸਿੰਘ ਸਭਾ ਗੁਰਦੁਆਰੇ ਵਿਚ ਠਹਿਰ ਗਏ, ਹੁਣ ਇਥੇ ਆਪ ਗੁਰਦੁਆਰੇ ਵਿਚ ਹਰਰੋਜ਼ ਝਾੜੂ ਦਿੰਦੇ, ਦਰੀਆਂ ਝਾੜਦੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਉਠਕੇ ਪ੍ਰਕਾਸ਼ ਕਰਦੇ ਅਤੇ ਰਾਤ ਨੂੰ ਪਾਠ ਕਰਕੇ ਸੁਖਆਸਨ ਕਰਦੇ। ਸੋ ਸਾਰਾ ਦਿਨ ਹੁਣ ਆਪ ਜੀ ਗੁਰੂ ਘਰ ਵਿਚ ਸੇਵਾ ਕਰਦੇ ਰਹਿੰਦੇ, ਸੋ ਸਮੂਹ ਸੰਗਤ ਨੇ ਆਪ ਜੀ ਦੀ ਸੱਚੀ ਅਤੇ ਸੁੱਚੀ ਸੇਵਾ ਵੇਖਕੇ ਆਪ ਜੀ ਨੂੰ ਗੁਰਦੁਆਰੇ ਦੀ ਸਾਰੀ ਜੁੰਮੇਵਾਰੀ ਹੀ ਸੋਂਪ ਦਿਤੀ, ਸੋ ਬਾਬਾ ਜੀ ਗੁਰੁ ਘਰ ਦੀ ਸੇਵਾ ਤੋਂ ਵਿਹਲੇ ਹੋਕੇ ਬਾਹਰ ਕਿਤੇ ਇਕਾਂਤ ਜਗਾ੍ਹ ਤੇ ਚਲੇ ਜਾਂਦੇ ਅਤੇ ਹਰਰੋਜ਼ ਨਿਤਨੇਮ ਅਨੁਸਾਰ ੨੫ ਜਪੁਜੀ ਸਾਹਿਬ ਜੀ ਦੇ ਪਾਠ ਕਰਕੇ ਫਿਰ ਗੁਰੁ ਘਰ ਵਿਚ ਆ ਜਾਂਦੇ, ਸੋ ਕਈ ਚਿਰ ਆਪ ਜੀ ਲਾਇਲਪੁਰ ਸ਼ਹਿਰ ਵਿਚ ਰਹਿ ਕੇ ਗੁਰੁ ਘਰ ਦੀ ਸੇਵਾ ਬਹੁਤ ਹੀ ਸ਼ਰਧਾ ਨਾਲ ਕਰਦੇ ਰਹੇ, ਬਾਬਾ ਜੀ ਦੀ ਨਿਤਾਪ੍ਰਿਤ ਸੇਵਾ ਨੂੰ ਵੇਖਕੇ ਸੰਗਤਾਂ ਅਗੇ ਨਾਲੋਂ ਵੀ ਵਧ ਗੁਰੂ ਘਰ ਆਉਣ ਲਗ ਪਈਆਂ, ਹੁਣ ਚੜਾਵਾ ਅਗੇ ਨਾਲੋ ਬਹੁਤ ਵਧ ਗਿਆ, ਹੁਣ ਉਥੋ ਦੇ ਕਿੰਤੂ, ਪ੍ਰੰਤੂ ਕਰਨ ਵਾਲੇ ਕੁਝ ਆਦਮੀਆ ਨੇ ਗੁਰਦੁਆਰੇ ਦੀ ਕਮੇਟੀ ਦੇ ਪ੍ਰਧਾਨ ਨੂੰ ਕਿਹਾ ਕਿ ਹੁਣ ਮਾਇਆ ਦੇ ਗੱਫੇ ਬਹੁਤ ਚੜਦੇ ਹਨ, ਬਾਬਿਆ ਕੋਲੋਂ ਹਿਸਾਬ ਲਿਆ ਕਰੋ, ਸੋ ਗੁਰਦੁਆਰੇ ਦੇ ਪ੍ਰਧਾਨ ਨੇ ਇਕ ਦਿਨ ਬਾਬਿਆਂ ਕੋਲੋਂ ਗੁਰੁ ਘਰ ਦਾ ਹਿਸਾਬ ਮੰਗ ਲਿਆ, ਆਪ ਜੀ ਨੇ ਪ੍ਰਧਾਨ ਅੱਗੇ ਚਾਬੀਆ ਸੁੱਟ ਦਿਤੀਆ ਅਤੇ ਕਿਹਾ ਕਿ ਸਟੋਰ ਚੈਕ ਕਰ ਲਵੋ, ਰੁਮਾਲੇ, ਦਰੀਆਂ ਆਦਿ ਗਿਣ ਲਵੋ, ਪੈਸਿਆ ਦਾ ਸਾਰਾ ਹਿਸਾਬ ਲੈ ਲਵੋ, ਜੇਕਰ ਕੁਝ ਘਟੇਗਾ ਤਾਂ ਮੈਨੂੰ ਪਾ ਦਿਉ, ਜੇ ਵਧ ਜਾਵੇਗਾ ਤਾਂ ਆਪ ਸਾਂਭ ਲਿਉ, ਸੋ ਕਮੇਟੀ ਨੇ ਜਦੋਂ ਸੰਗਤਾਂ ਸਾਹਮਣੇ ਸਾਰਾ ਹਿਸਾਬ ਕੀਤਾ ਤਾ ਉਹਨਾ ਨਿੰਦਕਾ ਦੇ ਮੂੰਹ ਕਾਲੇ ਹੋ ਗਏ, ਸਮਾਨ ਅਤੇ ਪੈਸੇ ਗਿਣਤੀ ਤੋਂ ਵੀ ਕਿਤੇ ਵਧ ਗਏ।

ਸੋ ਹੁਣ ਆਪ ਜੀ ਦੀ ਅੰਤਰ ਆਤਮਾ ਨੇ ਅੰਦਰੋ ਅਵਾਜ ਦਿਤੀ ਕਿ ਹੁਣ ਇਥੇ ਨਹੀ ਰਹਿਣਾ, ਚਲੋ ਸ਼੍ਰੀ ਅੰਮ੍ਰਿਤਸਰ ਵਿਖੇ ਧੰਨ ਧੰਨ ਸ਼੍ਰੀ ਗੁਰੁ ਰਾਮਦਾਸ ਜੀ ਦੇ ਪਵਿੱਤਰ ਚਰਨਾ ਵਿਚ ਚਲਦੇ ਹਾਂ,ਅਤੇ ਉਥੇ ਜਾ ਕੇ ਗੁਰੂ ਘਰ ਦੀ ਸੇਵਾ ਕਰਦੇ ਹਾ,ਆਪ ਹੁਣ ਲਾਇਲਪੁਰ ਸ਼ਹਿਰ ਛੱਡ ਕੇ ਸ਼੍ਰੀ ਅੰਮ੍ਰਿਤਸਰ ਵਿਖੇ ਸ਼੍ਰੀ ਹਰਮੰਦਰ ਸਾਹਿਬ ਵਿਖੇ ਆ ਗਏ,ਜਦੋ ਬਾਬਾ ਜੀ ਲਾਇਲਪੁਰ ਸ਼ਹਿਰ ਤਂੋ ਤੁਰੇ ਤਾ ਗੁਰੂ ਕੀਆ ਸੰਗਤਾਂ ਅੱਗੇ ਹੋਕੇ ਖਲੋ ਗਈਆਂ ਅਤੇ ਵਾਰ ਵਾਰ ਬੇਨਤੀ ਕਰਨ ਲਗ ਪਈਆਂ ਕਿ ਬਾਬਾ ਜੀ, ਅਸੀਂ ਤੁਹਾਨੂੰ ਇਥੋਂ ਨਹੀ ਜਾਣ ਦੇਣਾ, ਸੰਗਤਾਂ ਬਹੁਤ ਹੀ ਵੈਰਾਗ ਵਿਚ ਆ ਗਈਆਂ, ਆਪ ਜੀ ਨੇ ਸੰਗਤਾ ਨੂੰ ਬਹੁਤ ਨਿਮਰਤਾ ਵਿਚ ਸਮਝਾਇਆ ਕਿ ਸਾਡਾ ਹੁਣ ਇਥੋਂ ਅਨਜਲ ਖਤਮ ਹੋ ਗਿਆ ਹੈ।

ਸੋ ਬਾਬਾ ਜੀ ਹੁਣ ਪਿੰਡ ਗਾਹ ਤੋਂ ਚਕਵਾਲ, ਜਿਹਲਮ, ਪਿਸ਼ਾਵਰ, ਹੋਤੀ ਮਰਦਾਨ ਅਤੇ ਲਾਇਲਪੁਰ ਸ਼ਹਿਰ ਤੋਂ ਸੇਵਾ ਅਤੇ ਸਿਮਰਨ ਕਰਦੇ ਹੋਏ ਹੁਣ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਗਏ, ਸੋ ਹੁਣ ਹਰਰੋਜ਼ ਆਪ ਜੀ ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾ ਵਿਚ ਦੋਨਾਂ ਹੱਥਾਂ ਨਾਲ ਝਾੜੂ ਫੜ ਕੇ ਮਾਰਦੇ ਰਹਿੰਦੇ, ਮਹਾਂਪੁਰਸ਼ਾਂ ਦੀ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਪ੍ਰਤੀ ਅਥਾਹ ਸ਼ਰਧਾ ਸੀ, ਆਪ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦਾ ਨਕਸ਼ਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਗਾਹੀ ਸਚਖੰਡ ਦਾ ਨਕਸ਼ਾ ਦੱਸਦੇ ਹੁੰਦੇ ਸਨ। ਸੋ ਬਾਬਾ ਜੀ ਹੁਣ ਹਰਰੋਜ਼ ਪ੍ਰਕਰਮਾ ਵਿਚ ਸੇਵਾ ਕਰਨ ਲਗ ਪਏ, ਕਦੇ ਪ੍ਰਕਰਮਾ ਨੂੰ ਧੋਂਦੇ ਰਹਿੰਦੇ, ਕਦੇ ਝਾੜੂ ਮਾਰਦੇ ਰਹਿੰਦੇ, ਹੁਣ ਸਭ ਸੰਗਤਾ ਬਾਬਾ ਭੂਰੀ ਵਾਲਿਆ ਦਾ ਵੱਡਾ ਸਤਿਕਾਰ ਕਰਨ ਲਗ ਪਈਆ, ਮਹਾਪੁਰਸ਼ ਸੇਵਾ ਸਬੰਧੀ ਸਭ ਸੰਗਤਾਂ ਨਾਲ ਬਚਨ ਕਰਦੇ ਹੁੰਦੇ ਸਨ ਕਿ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਪਿਆਰਿਉ :-

" ਵਿਚ ਦੁਨਿਆ ਸੇਵ ਕਮਾਈਐ ॥ ਤਾ ਦਰਗਹ ਬੈਸਣ ਪਾਈਐ ॥

ਬਾਬਾ ਜੀ ਨੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਵਿਚ ਫਿਰਦਿਆਂ ਫਿਰਦਿਆਂ ਦੋਵਾਂ ਹੱਥਾਂ ਵਿਚ ਝਾੜੂ ਫੜੇ ਹੁੰਦੇ ਸਨ, ਅਤੇ ਅਤੇ ਹਰਵਕਤ ਦੋਹਾ ਹੱਥਾਂ ਨਾਲ ਪ੍ਰਕਰਮਾ ਸਾਫ ਕਰਦੇ ਰਹਿੰਦੇ ਸਨ, ਇਹ ਸੇਵਾ ਬਾਬਾ ਜੀ ਨੇ ਬਹੁਤ ਸਾਲ ਕਰਕੇ ਕਮਾਲ ਕਰ ਛੱਡੀ ਸੀ, ਮੱਸਿਆ, ਦੀਵਾਲੀ, ਵੈਸਾਖੀ ਅਤੇ ਹੋਰ ਪੂਰਬਾ ਤੇ ਗੁਰੂ ਕੀਆ ਸੰਗਤਾਂ ਨੂੰ ਨਾਲ ਲੈਕੇ ਸਾਰੀਆ ਪ੍ਰਕਰਮਾ ਨੂੰ ਇਸ਼ਨਾਨ ਕਰਵਾaਂਣਾ, ਬੁੰਗਿਆਂ ਦੀ ਜਗਾ੍ਹ ਨੂੰ ਸਾਫ ਕਰਨਾ, ਆਪ ਜੀ ਦਾ ਹਰ ਪੁਰਬ ਤੇ ਪ੍ਰੋਗਰਾਮ ਹੁੰਦਾ ਸੀ, ਉਸ ਵਕਤ ਪ੍ਰਕਰਮਾ ਵਿਚ ਪਾਣੀ ਕੱਢਣ ਲਈ ਨਾਲੀ ਬਾਹਰ ਨਹੀ ਸੀ ਜਾਂਦੀ, ਸੋ ਸੰਗਤਾ ਦੇ ਨਿਚੋੜੇ ਹੋਏ ਕਛੈਹਰੇ ਆਦਿ ਦਾ ਪਾਣੀ ਬਾਲਟੀਆ ਭਰ ਭਰ ਕੇ ਬਾਹਰ ਸੁਟਦੇ ਰਹਿੰਦੇ ਸਨ, ਇਸ ਪ੍ਰਕਾਰ ਬਾਬਾ ਭੂਰੀ ਵਾਲਿਆ ਨੇ ਇਹ ਨਿਰੰਂਤਰ ਸੇਵਾ ਕਰਕੇ ਆਪਣੀ ਅੰਦਰ ਦੀ ਹਉਮੈ ਦਾ ਤਿਆਗ ਕਰ ਦਿਤਾ, ਉਹਨਾ ਦੇ ਨਾਲ ਦੇ ਰਹਿੰਦੇ ਨਜਦੀਕੀ ਸੇਵਾਦਾਰਾ ਨੇ ਦੱਸਿਆ ਕਿ ਇਕ ਦਿਨ ਇਕ ਮਾਈ ਦੇ ਛੋਟੇ ਬੱਚੇ ਨੇ ਪ੍ਰਕਰਮਾ ਵਿਚ ਟੱਟੀ ਕਰ ਦਿਤੀ, ਮਾਤਾ ਘਬਰਾ ਗਈ ਕਿਉਕਿ ਉਸ ਪਾਸ ਟੱਟੀ ਸਾਫ ਕਰਨ ਲਈ ਕੋਈ ਕਪੜਾ ਆਦਿ ਨਹੀ ਸੀ , ਮਾਈ ਸੇਵਾਦਾਰਾਂ ਤੋਂ ਡਰਦਿਆ ਟੱਟੀ ਉਥੇ ਹੀ ਛੱਡ ਕੇ ਛੇਤੀ ਛੇਤੀ ਬਾਹਰ ਭਜ ਗਈ ਕਿ ਕੋਈ ਸੇਵਾਦਾਰ ਗੁੱਸੇ ਨਾ ਹੋਵੇ, ਥੋੜੀ ਦੇਰ ਬਾਅਦ ਇਕ ਯਾਤਰੂ ਆਇਆ, ਉਸ ਨੇ ਪ੍ਰਕਰਮਾ ਵਿਚ ਗੰਦਗੀ ਪਈ ਵੇਖੀ ਅਤੇ ਲਾਗੇ ਖਲੋਕੇ ਇਕ ਸੇਵਾਦਾਰ ਨੂੰ ਕਿਹਾ ਕਿ ਸੇਵਾਦਾਰ ਜੀ, ਵੇਖੋ ਪ੍ਰਕਰਮਾ ਵਿਚ ਗੰਦਗੀ ਪਈ ਹੋਈ ਹੈ, ਕਿਸੇ ਵੀ ਯਾਤਰੂ ਦੇ ਪੈਰ ਨੂੰ ਲਗ ਕੇ ਹੋਰ ਫੈਲੇਗੀ ਤਾ ਉਸ ਸੇਵਾਦਾਰ ਨੇ ਕਿਹਾ ਕਿ ਇਹ ਸਾਡਾ ਕੰਮ ਨਹੀ ਹੈ ਤਾਂ ਯਾਤਰੂ ਨੇ ਅਗੋ ਸੇਵਾਦਾਰ ਨੂੰ ਕਿਹਾ ਕਿ ਫਿਰ ਟੱਟੀ ਕੌਣ ਸਾਫ ਕਰੇਗਾ ਤਾਂ ਉਸ ਸੇਵਾਦਾਰ ਨੇ ਕਿਹਾ ਕਿ ਇਹ ਕੰਮ ਮਹਾਪੁਰਸ਼ ਭੂਰੀ ਵਾਲੇ ਹੀ ਕਰ ਸਕਦੇ ਹਨ, ਤਾਂ ਉਸ ਯਾਤਰੂ ਨੇ ਸੇਵਾਦਾਰ ਨੂੰ ਕਿਹਾ ਕਿ ਉਹ ਮਹਾਂਪੁਰਸ਼ ਐਸ ਵਕਤ ਕਿਥੇ ਹਨ ਤਾਂ ਸੇਵਾਦਾਰ ਨੇ ਕਿਹਾ ਕਿ ਇਥੇ ਪ੍ਰਕਰਮਾ ਵਿਚ ਹੀ ਕਿਤੇ ਸੇਵਾ ਕਰਦੇ ਹੋਣਗੇ ਉਹਨਾ ਮਹਾਂਪੁਰਸ਼ਾਂ ਦਾ ਘਰ ਘਾਟ ਹੀ ਪ੍ਰਕਰਮਾ ਵਿਚ ਹੈ, ਵੇਖ ਲਉ, ਕਿਸੇ ਪਾਸੇ ਪ੍ਰਕਰਮਾ ਵਿਚ ਝਾੜੂ ਮਾਰ ਰਹੇ ਹੋਣਗੇ, ਉਹ ਯਾਤਰੂ ਇਧਰ ਉਧਰ ਵੇਖਦਾ ਰਿਹਾ, ਜਦੋਂ ਦੂਰੋਂ ਵੇਖਿਆ ਕਿ ਇਕ ਪ੍ਰਭਾਵਸ਼ਾਲੀ ਮੁਖੜੇ ਵਾਲਾ ਮਹਾਂਪੁਰਸ਼ ਜਿਸਨੇ ਕਾਲਾ ਚੋਲਾ ਪਾਇਆ ਹੋਇਆ ਹੈ, ਪ੍ਰਕਰਮਾ ਦੇ ਦੂਜੇ ਪਾਸੇ ਸੰਗਤਾਂ ਸਮੇਤ ਝਾੜੂ ਫੇਰ ਰਿਹਾ ਹੈ, ਸਿਰ ਤੇ ਬੋਕੀ ਬੰਨੀ ਹੋਈ ਹੈ, ਉਹ ਯਾਤਰੂ ਛੇਤੀ ਛੇਤੀ ਉਥੇ ਪਹੁਚਿਆ ਅਤੇ ਲਾਗੇ ਜਾਕੇ ਇਕ ਸੇਵਕ ਨੂੰ ਪੁਛਣ ਲਗਾ ਕਿ ਗੁਰਪੁਖਾ, ਇਹਨਾ ਵਿਚ ਮਹਾਪੁਰਸ਼ ਭੂਰੀ ਵਾਲੇ ਕਿਹੜੇ ਹਨ, ਉਸ ਸੇਵਕ ਨੇ ਕਿਹਾ, ਔਹ ਜੋ ਸਾਹਮਣੇ ਦੋਵੇ ਹੱਥਾ ਨਾਲ ਝਾੜੂ ਫੇਰ ਰਹੇ ਹਨ ਇਹੋ ਹੀ ਸੇਵਾ ਦੇ ਪੁੰਜ ਮਹਾਪੁਰਸ਼ ਬਾਬਾ ਭੂਰੀ ਵਾਲੇ ਹਨ, ਉਹ ਯਾਤਰੂ ਬਾਬਾ ਭੂਰੀ ਵਾਲਿਆ ਦੇ ਨੇੜੇ ਆ ਗਿਆ ਅਤੇ ਦੋਨੋ ਹੱਥ ਜੋੜ ਕੇ ਬੇਨਤੀ ਕਰਨ ਲਗ ਪਿਆ ਕਿ ਬਾਬਾ ਜੀ, ਪ੍ਰਕਰਮਾ ਦੇ ਔਹ ਦੂਜੇ ਪਾਸੇ ਕਿਸੇ ਬਾਲ ਨੇ ਟੱਟੀ ਕੀਤੀ ਹੋਈ ਹੈ, ਕੋਈ ਵੀ ਉਸ ਨੂੰ ਸਾਫ ਨਹੀ ਕਰ ਰਿਹਾ, ਜੇ ਕ੍ਰਿਪਾ ਕਰੋ ਤਾ ਕਿਸੇ ਸੇਵਕ ਨੂੰ ਕਹੋ ਕਿ ਉਹ ਸਾਫ ਕਰ ਆਵੇ, ਸੰਤ ਬਾਬਾ ਭੂਰੀ ਵਾਲਿਆ ਨੇ ਯਾਤਰੂ ਨੂੰ ਅਗੋਂ ਕਿਹਾ ਕਿ ਆਪਾਂ ਕਿਸੇ ਸੇਵਕ ਨੂੰ ਕਿਉ ਆਖਣਾ ਹੈ ਚਲੋ ਮੈਂ ਜਾਕੇ ਉਹ ਸਾਰੀ ਜਗਾ੍ਹ ਸਾਫ ਕਰ ਦਿੰਦਾ ਹਾਂ, ਸੰਤ ਬਾਬਾ ਭੂਰੀ ਵਾਲਿਆ ਨੇ ਉਸ ਟੱਟੀ ਨੂੰ ਉਥੋਂ ਕਪੜੇ ਨਾਲ ਚੁਕਿਆ ਅਤੇ ਬਾਹਰ ਸੁਟ ਆਏ, ਇਸ ਤੋ ਬਾਅਦ ਪਵਿਤਰ ਪ੍ਰਕਰਮਾ ਨੂੰ ਉਥੋਂ ਪਾਣੀ ਨਾਲ ਚੰਗੀ ਤਰਾ੍ਹ ਧੋਤਾ, ਸੋ ਸੰਗਤ ਜੀ ਕਿੰਨੀ ਕੁ ਨਿਮਰਤਾ ਸੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆ ਮਹਾਂਪੁਰਸ਼ਾਂ ਦੇ ਅੰਦਰ, ਇਸੇ ਕਰਕੇ ਹੀ ਤਾਂ ਲੋਕ ਬਾਬਾ ਜੀ ਨੂੰ ਨਿਮਰਤਾ ਦੀ ਮਹਾਨ ਮੂਰਤ ਆਖਦੇ ਸਨ।

ਨਿਮਰਤਾ ਦੀ ਇਕ ਹੋਰ ਉਦਾਹਰਨ ਸੀ, ਇਕ ਦਿਨ ਤਪੋਬਨ ਵਿਚ ਸ਼੍ਰੀ ਗੁਰੁ ਗੰ੍ਰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਪੈ ਰਹੇ ਸਨ, ਭੋਗ ਦੇ ਭੰਡਾਰੇ ਤੇ ਸੰਤ ਮੰਡਲੀ ਆਈ ਹੋਈ ਸੀ, ਭਾਈ ਹਰੀ ਸਿੰਘ ਜੀ ਭਾਸ਼ਣ ਦੇ ਰਹੇ ਸਨ, ਭਾਈ ਸਾਹਿਬ ਨੇ ਸੰਤ ਬਾਬਾ ਜੈਮਲ ਸਿੰਘ ਜੀ ਭੁਰੀ ਵਾਲਿਆ ਨੂੰ ੧੦੮: ਦੇ ਵਿਸੇਸਣ ਨਾਲ ਉਪਾਧੀ ਦਿਤੀ, ਮਹਾਪੁਰਸ਼ਾ ਨੇ ਭਾਈ ਸਾਹਿਬ ਨੂੰ ਵਿਚੇ ਹੀ ਟੋਕਿਆ ਕਿ ਭਾਈ ਸਾਹਿਬ, ਤੁਹਾਨੂੰ ਕਿੰਨੀ ਵਾਰ ਕਿਹਾ ਹੈ ਕਿ ਸਾਨੂੰ ਕਦੇ ਵੀ ੧੦੮: ਦੀ ਉਪਾਧੀ ਨਾਲ ਪ੍ਰਸਿਧ ਨਾ ਕਰਿਆ ਕਰ, ਅਸੀਂ ਤਾ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਰਾਮਦਾਸ ਜੀ ਦੇ ਘਰ ਦੇ ਕੂਕਰ ਦੇ ਨਿਆਈ ਹਾਂ, ਇਹ ਸੁਣ ਕੇ ਲਾਗੇ ਬੈਠੇ ਇਕ ਸੰਤ ਨੇ ਕਿਹਾ ਕਿ ਬਾਬਾ ਜੀ ਦੁਨੀਆ ਵਿਚ ਆਮ ਹੀ ਸੰਤ ੧੦੮: ਵਿਸੇਸਣ ਦੀ ਬਜਾਇ ੧੦੦੮; ਅਖਵਾਉਣ ਤੇ ਬਹੁਤ ਖੁਸ਼ ਹੁੰਦੇ ਹਨ, ਤੁਸੀਂ ਸ: ਹਰੀ ਸਿੰਘ ਨੂੰ ਕਿਉ ਟੋਕਿਆ ਹੈ ਇਹ ਉਸ ਦੀ ਸ਼ਰਧਾ ਹੈ, ਫਿਰ ਮਹਾਂਪੁਰਸ਼ ਬਾਬਾ ਭੂਰੀ ਵਾਲੇ ਬੋਲੇ, ਸੰਤ ਜੀ, ਐਸੀ ਉਪਮਾ ਵਿਚ ਹੰਕਾਰ ਪੈਦਾ ਹੋਣ ਦਾ ਡਰ ਪੈਦਾ ਹੋ ਜਾਂਦਾ ਹੇ, ਹੰਕਾਰ ਵਾਹਿਗੁਰੂ ਜੀ ਤੋਂ ਦੂਰ ਕਰ ਦਿੰਦਾ ਹੈ, ਇਸ ਕਰਕੇ ਹੀ ਅਸੀ ਗੁਰੂ ਰਾਮਦਾਸ ਦੇ ਕੂਕਰ ਅਖਵਾਉਣ ਤੇ ਖੁਸ਼ ਹੁੰਦੇ ਹਾਂ, ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਆਪ ਜੀ ਦੀ ਜਿੰਦਗੀ ਦੇ ਜਿੰਦਜਾਨ ਸਨ,ਸਾਰੀ ਉਮਰ ਬਾਬਾ ਜੀ ਆਪਣੇ ਤਪੋਬਨ ਵਿਚੋਂ ਜਾਕੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਅੰਦਰ ਸੇਵਾ ਕਰਦੇ ਰਹੇ, ਆਪ ਜੀ ਜਦੋ ਬਹੁਤ ਹੀ ਬਿਰਧ ਅਵਸਥਾ ਵਿਚ ਆ ਗਏ ਤਾਂ ਹੁਣ ਆਪ ਸ਼੍ਰੀ ਹਰਮੰਦਰ ਸਾਹਿਬ ਅੰਦਰ ਬਹੁਤ ਘੱਟ ਜਾਣ ਲਗ ਪਏ, ਇਕ ਦਿਨ ਉਹਨਾ ਦੇ ਬਹੁਤ ਹੀ ਸ਼ਰਧਾਲੂ ਸੇਵਕ ਨੇ ਕਿਹਾ ਕਿ ਬਾਬਾ ਜੀ, ਹੁਣ ਤੁਸੀ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆ ਪ੍ਰਕਰਮਾ ਵਿਚ ਬਹੁਤ ਹੀ ਘੱਟ ਮਿਲਦੇ ਹੋ, ਕੀ ਗਲ ਹੈ, ਮਹਾਂਪੁਰਸ਼ਾ ਦੇ ਅਖਾਂ ਵਿਚੋ ਬਿਰਹੋ ਦੇ ਅਥਰੂ ਵਹਿ ਤੁਰੇ ਅਤੇ ਉਸ ਪਿਆਰੇ ਸੇਵਕ ਨੂੰ ਅਗੋਂ ਕਹਿਣ ਲਗ ਪਏ ਕਿ ਭਾਈ, ਅਸੀ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਹੁਣ ਇਸ ਕਰਕੇ ਘੱਟ ਆਉਦੇ ਹਾ ਕਿਉਕਿ ਸੰਗਤਾਂ ਦਾਸ ਦਾ ਬਹੁਤ ਸਤਿਕਾਰ ਕਰਦੀਆ ਹਨ, ਦਾਸ ਦੇ ਪੈਰਾਂ ਨੂੰ ਸੰਗਤਾਂ ਹੱਥ ਲਾਉਣੋ ਨਹੀ ਹਟਦੀਆ, ਬਹੁਤ ਨਿਕਟਵਰਤੀ ਸਾਡੇ ਸੇਵਕ ਟੋਕਦੇ ਹਨ, ਪਰ ਕੋਈ ਨਹੀ ਸੁਣਦਾ, ਇਸ ਕਰਕੇ ਅਸੀਂ ਬਾਹਰੋ ਗੇਟ ਤੋਂ ਹੀ ਮਹਾਨ ਸਤਿਗੁਰੂ ਜੀ ਦੀ ਚਰਨ ਧੂੜ ਲੈਕੇ ਵਾਪਸ ਆਪਣੇ ਤਪੋਬਨ ਵਿਚ ਚਲੇ ਜਾਂਦੇ ਹਾ, ਦੂਜਾ ਕਾਰਨ ਇਹ ਹੈ ਕਿ ਸਾਡਾ ਸਰੀਰ ਹੁਣ ਬਹੁਤ ਬਿਰਧ ਹੋਣ ਕਰਕੇ ਬਹੁਤ ਕਮਜੋਰ ਹੋ ਗਿਆ ਹੈ, ਉਹ ਟਾਇਮ ਵੀ ਹੁੰਦਾ ਸੀ ਜਦੋ ਅਸੀਂ ਸਾਰਾ ਸਾਰਾ ਦਿਨ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਰਾਮਦਾਸ ਜੀ ਦੀਆ ਪ੍ਰਕਰਮਾ ਵਿਚ ਸੇਵਾ ਕਰਦੇ ਰਹਿੰਦੇ ਸਾਂ, ਕੋਈ ਤੀਲਾ ਡੂਨਾਂ ਜਾਂ ਕੱਖ ਪ੍ਰਕਰਮਾ ਵਿਚ ਨਹੀ ਸਾਂ ਰਹਿਣ ਦਿੰਦੇ, ਪਰ ਬਿਰਧ ਸਰੀਰ ਹੋਣ ਕਰਕੇ ਹੁਣ ਤਾਂ ਪੂਰੀਆਂ ਪ੍ਰਕਰਮਾ ਵੀ ਨਹੀਂ ਹੁੰਦੀਆ, ਲੱਤਾ ਜੁਆਬ ਦਈ ਜਾ ਰਹੀਆਂ ਹਨ। ਭਗਤ ਫਰੀਦ ਦੇ ਮਹਾਨ ਕਥਨ ਮੁਤਾਬਕ ਹੁਣ ਸਾਡੀ ਬਿਰਧ ਅਵਸਥਾ ਐਸੀ ਹੋ ਗਈ ਹੈ ਕਿ :-

" ਫਰੀਦਾ ਇਨੀ ਨਿਕੀ ਜੰਗੀਏ ਥਲ ਡੂਗੰਰ ਭਵਓਮ॥ ਅੱਜ ਫਰੀਦਾ ਕੂਜੜਾ ਸੌ ਕੋਹਾਂ ਥਿਉਮ ॥

ਜਿਵੇ ਭਗਤ ਫਰੀਦ ਜੀ ਆਪਣੀ ਜਵਾਨ ਅਵਸਥਾ ਵੇਲੇ ਥੱਲ ਡੂੰਗਰ ਆਦਿ ਉਚੀਆ ਨੀਵੀਆ ਥਾਵਾਂ ਤੇ ਆਪਣੀਆ ਲੱਤਾਂ ਨਾਲ ਚਲਦੇ ਫਿਰਦੇ ਰਹੇ ਸਨ, ਪਰ ਵੱਡੀ ਬਿਰਧ ਅਵਸਥਾ ਵੇਲੇ ਉਨਾਂ ਲਾਗੇ ਪਿਆ ਪਾਣੀ ਵਾਲਾ ਕੁਜਾ ਵੀ ਉਹਨਾ ਨੂੰ ਸੌ ਕੌਹਾਂ ਵਾਗੂੰ ਦੂਰ ਦਿਸਣ ਲਗ ਪਿਆ ਸੀ। ਮਹਾਪੁਰਸ਼ ਬਾਬਾ ਭੂਰੀ ਵਾਲੇ ਕਹਿੰਦੇ ਹੁੰਦੇ ਸੀ ਕਿ ਸਾਡਾ ਤਾਂ ਜੀਵਨ ਹੀ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਚ ਹੈ।

ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਅੰਦਰ ਸੇਵਾ ਤੋਂ ਇਲਾਵਾ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਨੇ ਆਪਣੇ ਬਣਾਏ ਹੋਏ ਤਪੋਬਨ ਜੋ ਸ਼ਹਿਰ ਦੀ ਚਾਟੀ ਵਿੰਡ ਰੋਡ ਉਪਰ ਸਥਿਤ ਹੈ, ਇਥੇ ਆਪ ਜੀ ਨੇ ਬਹੁਤ ਵੇਦਾਤਂ ਸੰਮੇਲਨ ਅਤੇ ਕੀਰਤਨ ਦਰਬਾਰ ਵੀ ਕਰਵਾਏ, ਇਹਨਾਂ ਵੇਦਾਂਤ ਦੇ ਸਮੇਲਨਾਂ ਅਤੇ ਕੀਰਤਨ ਦਰਬਾਰਾਂ ਵਿਚ ਮਹਾਂਪੁਰਖਾਂ ਨੇ ਜਿਥੇ ਸੰਗਤਾਂ ਨੂੰ ਗੁਰਬਾਣੀ ਅਤੇ ਸਿਖੀ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ, ਉਥੇ ਭੋਲੇ ਭਾਲੇ ਲੋਕਾਂ ਨੂੰ ਖੁਸ਼ਕ ਗਿਆਨ ਤੋ ਬਚਾਉਣ ਲਈ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪੰਜ ਸੌ ਸਾਲਾ ਦਿਵਸ ਤੇ ਆਪਣੇ ਤਪੋਬਨ ਡੇਰੇ ਵਿਚ ਗੁਰਮਤ ਦੇ ਆਸ਼ੇ ਅਨੁਸਾਰ ਵੱਡੇ ਵੱਡੇ ਸੰਤ ਸੰਮੇਲਨ ਕਰਵਾਏ, ਆਪ ਜੀ ਨੇ ਵੱਡੇ ਵੱਡੇ ਮਹਾਂਪੁਰਸ਼ਾਂ, ਨਿਰਮਲ ਭੇਖ ਦੇ ਪ੍ਰਸਿਧ ਵਿਦਵਾਨਾ, ਜਿਵੇਂ ਅਰਜਨ ਸਿੰਘ ਭਿਖੂ, ਪੰਡਿਤ ਬਾਗਦੇਵ ਜੀ, ਪੰਡਿਤ ਨਰਾਇਣ ਸਿੰਘ ਦਖਣੀ ਅਤੇ ਮੰਡੇਲਸਵਰ ਹਜ਼ਾਰਾ ਸਿੰਘ ਆਦਿਕ ਨੂੰ ਸੱਦਕੇ, ਗੁਰੂ ਜਸ ਕਰਵਾਏ ਅਤੇ ਸੰਗਤਾਂ ਦੀਆ ਵੱਡੀਆਂ ਅਸੀਸਾਂ ਲਈਆਂ। ਇਹ ਸਾਰਾ ਪ੍ਰਚਾਰ ਸੰਤ ਭੂਰੀ ਵਾਲਿਆਂ ਨੇ ਗੁਰੁ ਘਰ ਦੇ ਆਸੇ ਅਨੁਸਾਰ ਹੀ ਕੀਤਾ, ਇਹਨਾਂ ਵੱਡੇ ਵੱਡੇ ਸਮਾਗਮਾ ਵਿਚ ਜੇ ਕੋਈ ਪ੍ਰਚਾਰਕ, ਸੰਤ, ਸਾਧੂ ਗੁਰੂ ਜੀ ਦੇ ਆਸ਼ੇ ਤੋ ਲਾਂਭੇ ਹੋਕੇ ਪ੍ਰਚਾਰ ਕਰਦਾ ਤਾ ਸਤਿਕਾਰ ਯੋਗ ਬਾਬਾ ਭੂਰੀ ਵਾਲੇ ਉਨਾਂ ਨੂੰ ਸੰਗਤ ਵਿਚ ਹੀ ਟੋਕ ਦਿੰਦੇ ਅਤੇ ਮੌਕੇ ਤੇ ਹੀ ਬੇਨਤੀ ਕਰ ਦਿੰਦੇ ਕਿ ਭਾਈ ਜੀ, ਸਤਿਗੁਰੂ ਜੀ ਦੇ ਆਸ਼ੇ ਅਨੁਸਾਰ ਹੀ ਇਥੇ ਬੋਲਿਆ ਜਾਵੇ, ਸੰਗਤ ਜੀ, ਸੰਤ ਭੂਰੀ ਵਾਲੇ ਸਿਰਫ ਸੇਵਾ ਕਰਨ ਵਾਲੇ ਹੀ ਸਾਧੂ ਨਹੀ ਸਨ ਉਹ ਸ਼੍ਰੀ ਗੁਰੂ ਗੰ੍ਰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਪਾਵਨ ਉਪਦੇਸ਼ਾਂ ਦੀ ਵਿਆਖਿਆ ਵੀ ਬਹੁਤ ਪਿਆਰ ਨਾਲ ਕਰਿਆ ਕਰਦੇ ਸਨ, ਇਸ ਤੋ ਇਲਾਵਾ ਹੋਰ ਧਰਮਾ ਦੇ ਗ੍ਰੰਥਾਂ ਦੇ ਵੀ ਗਿਆਤਾ ਸਨ, ਆਪਣੀ ਜਵਾਨ ਅਵਸਥਾ ਵਿਚ ਬਾਬਾ ਭੂਰੀ ਵਾਲਿਆਂ ਨੇ ਕਈ ਸਾਲ ਬ੍ਰਹਮ ਗਿਆਨੀ ਬਾਬਾ ਅਮੀਰ ਸਿੰਘ ਜੀ ਦੀ ਟਕਸਾਲ, ਗਲੀ ਸਤੋਵਾਲੀ ਵਿਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦਾ ਅਰਥ ਬੌਧ ਅਧਿਆਨ ਵੀ ਕੀਤਾ , ਆਪਜੀ ਨੇ ਪਾਵਨ ਬਾਣੀ ਦੇ ਜਾਪ ਅਤੇ ਵਾਹਿਗੁਰੂ ਦੇ ਸਿਮਰਨ ਦੁਆਰਾ ਆਪਣੇ ਜੀਵਨ ਨੂੰ ਬਹੁਤ ਹੀ ਪਵਿਤਰ ਕੀਤਾ ਹੋਇਆ ਸੀ, ਆਪ ਸੰਗਤਾਂ ਨੂੰ ਹਰਵਕਤ ਸੇਵਾ ਅਤੇ ਸਿਮਰਨ ਕਰਨ ਲਈ ਪ੍ਰੇਰਦੇ ਰਹਿੰਦੇ ਸਨ, ਆਪ ਜੀ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਂਲੇ ਵਾਲਿਆ ਨਾਲ ਅਥਾਹ ਪਿਆਰ ਕਰਦੇ ਸਨ, ਜਦੋ ਸੋ:ਗੁ:ਪ੍ਰ: ਕਮੇਟੀ ਨੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀਆਂ ਪਵਿਤਰ ਪ੍ਰਕਰਮਾ ਦੀ ਸੇਵਾ ਬ੍ਰਹਮ ਗਿਆਨੀ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਨੂੰ ਅਤੇ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਨੂੰ ਦਿਤੀ ਸੀ ਤਾਂ ਆਪ ਦੋਹਾਂ ਮਹਾਪੁਰਸ਼ਾ ਨੇ ਇਹ ਮਹਾਨ ਸੇਵਾ ਆਪਸ ਵਿਚ ਮਿਲਕੇ ਬੜੇ ਹੀ ਪਿਆਰ ਨਾਲ ਨਿਭਾਈ ਸੀ।

ਸੰਗਤ ਜੀ, ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦੇ ਜੀਵਨ ਵਿਚ ਨਿਮਰਤਾ ਕੁਟ ਕੁਟ ਕੇ ਭਰੀ ਪਈ ਸੀ, ਬਾਬਾ ਜੀ ਦੀ ਜਦੋਂ ਵੀ ਕੋਈ ਉਪਮਾ ਕਰਦਾ ਤਾਂ ਆਪ ਜੀ ਉਸ ਪਿਆਰੇ ਸੇਵਕ ਨੂੰ ਅਗੋਂ ਕਹਿੰਦੇ, ਭਾਈ ਮੈਂ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਘਰ ਦਾ ਕੂਕਰ ਹਾਂ।

ਇਕ ਵਾਰੀ ਬਹੁਤ ਵੱਡਾ ਵੇਦਾਂਤ ਸਮੇਲਨ ਚਲ ਰਿਹਾ ਸੀ। ਇਕ ਭਗਵੇ ਕਪੜੇ ਵਾਲੇ ਸਾਧੂ ਨੇ ਸਟੇਜ਼ ਤੇ ਕਥਾ ਕਰਦੇ ਕਰਦੇ ਸੰਤ ਬਾਬਾ ਭੂਰੀ ਵਾਲਿਆ ਬਾਰੇ ਕਹਿ ਦਿਤਾ ਕਿ ਸੰਤ ਬਾਬਾ ਭੂਰੀ ਵਾਲੇ ਤਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੁ ਨਾਨਕ ਦੇਵ ਜੀ ਦੀ ਮੂਰਤ ਹਨ, ਜਦੋਂ ਇਹ ਸਾਧੂ ਕਥਾ ਕਰਕੇ ਹਟਿਆ ਤਾਂ ਬਾਬਾ ਜੀ ਨੇ ਉਸ ਸਾਧੂ ਨੂੰ ਕਿਹਾ ਕਿ ਭਾਈ ਤੂੰ ਇਹ ਲਫਜ ਮੇਰੇ ਬਾਰੇ ਕਿਉ ਕਹੇ ਹਨ ਮੈਂ ਤਾ ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪਂੈਰਾ ਦੀ ਮੈਲ ਬਰਾਬਰ ਵੀ ਨਹੀ ਹਾਂ, ਭਾਈ ਜੀ, ਤੁਸੀਂ ਜੋ ਮੇਰੀ ਐਸੀ ਗਲਤ ਉਪਮਾ ਕੀਤੀ ਹੈ, ਐਸੀ ਉਪਮਾ ਅਗਾਂਹ ਹੋਰ ਕਿਸੇ ਦੀ ਵੀ ਨਹੀ ਕਰਨੀ, ਉਹ ਸਾਧੂ ੫-੬ ਸਾਲ ਤਂੋ ਹਰ ਵੇਦਾਂਤ ਸੰਮੇਲਨ ਵਿਚ ਹਾਜਰੀ ਲਗਾਉਦਾ ਸੀ, ਪਰ ਬਾਬਾ ਜੀ ਨੇ ਆਪਣੀ ਕੀਤੀ ਹੋਈ ਉਪਮਾ ਦੇ ਲਫਜਾ ਬਾਰੇ ਜਦੋਂ ਉਸਨੂੰ ਟੋਕਿਆ ਤਾਂ ਉਹ ਸਾਧੂ ਨਰਾਜ਼ ਹੋ ਗਿਆ ਅਤੇ ਅਗੇ ਤੋਂ ਸੰਮੇਲਨ ਵਿਚ ਆਉਣੋ ਹੱਟ ਗਿਆ।

ਸੰਤ ਬਾਬਾ ਭੂਰੀ ਵਾਲਿਆ ਨੇ ਜਿਥੇ ਆਪਣੇ ਜੀਵਨ ਵਿਚ ਬਹੁਤ ਹੀ ਪਿਆਰ ਨਾਲ ਸੇਵਾ ਅਤੇ ਸਿਮਰਨ ਕੀਤਾ, ਉਥੇ ਮਹਾਪੁਰਸ਼ਾ ਨੇ ਗੁਰੂ ਘਰ ਦੇ ਕਈ ਗੁਰਦੁਆਰਿਆ ਦੇ ਸੇਵਾ ਵੀ ਬਹੁਤ ਹੀ ਪਿਆਰ ਨਾਲ ਸੰਗਤਾਂ ਕੋਲੋ ਕਰਵਾਈ, ਮਹਾਂਪੁਰਖਾਂ ਦੇ ਇਕ ਇਕ ਫਰਮਾਨ ਤੇ ਗੁਰੁ ਕੀਆ ਸੰਗਤਾਂ ਮਾਇਆ ਦੇ ਢੇਰ ਲਗਾ ਦਿੰਦੀਆ ਸਨ, ਬਾਬਾ ਜੀ ਜਿਹੜੇ ਵੀ ਗੁਰੁ ਘਰ ਦੀ ਸੇਵਾ ਕਰਵਾਉਦੇ ਸਨ, ਆਪ ਅਜ਼ਾਦ ਹੋਕੇ ਸੇਵਾ ਕਰਵਾਉਦੇ ਸਨ। ਬਾਬਾ ਜੀ ਨੇ ਹੋਰਨਾਂ ਪਵਿਤਰ ਗੁਰਦੁਆਰਿਆ ਦੀ ਕਾਰ ਸੇਵਾ ਤੋ ਇਲਾਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਪਵਿਤਰ ਗੁਰਦਵਾਰੇ ਦੇ ਗੁੰਬਦ ਤੇ ਸੋਨਾ ਲਗਾਉਣ ਦੀ ਸੇਵਾ ਬਹੁਤ ਪਿਆਰ ਨਾਲ ਕਰਵਾਈ ਸੀ, ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆ ਨੇ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪੂਰਨਿਆ ਤੇ ਚਲਕੇ ਆਪਣਾ ਸਾਰਾ ਜੀਵਨ ਗੁਰੁ ਘਰ ਦੇ ਇਤਿਹਾਸਿਕ ਗੁਰਦੁਆਰਿਆ ਦੀ ਸੇਵਾ ਤੇ ਹੀ ਲਗਾ ਦਿਤਾ,ਦੇਸ਼ਾਂ ਵਿਦੇਸ਼ਾਂ ਦੀਆ ਸੰਗਤਾਂ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਨਾਲ ਅਥਾਹ ਪਿਆਰ ਕਰਦੀਆਂ ਸਨ, ਬਾਬਾ ਭੂਰੀ ਵਾਲੇ ਜਦੋਂ ਵੀ ਕਿਸੇ ਇਤਿਹਾਸਿਕ ਗੁਰਦੁਆਰੇ ਦੀ ਸੇਵਾ ਕਰਵਾਉਣ ਬਾਰੇ ਸੰਗਤਾਂ ਨੂੰ ਪ੍ਰੇਰਦੇ ਤਾਂ ਸੰਗਤਾਂ ਬਾਬਾ ਜੀ ਦੇ ਇਕ ਹੁਕਮ ਤੇ ਹੀ ਕੁਰਬਾਨ ਹੋਣ ਤੇ ਤਿਆਰ ਹੋ ਜਾਂਦੀਆਂ, ਸਮੂਹ ਦੇਸ਼ਾਂ ਵਿਦੇਸ਼ਾਂ ਦੀਆ ਸੰਗਤਾਂ ਦੇ ਪਿਆਰ ਸਦਕਾ ਮਹਾਂਪੁਰਸ਼ਾਂ ਨੇ ਗੁਰੂ ਘਰ ਦੇ ਬਹੁਤ ਇਤਿਹਾਸਕ ਗੁਰਦੁਆਰਿਆ ਦੀ ਸੇਵਾ ਬੜੇ ਹੀ ਸੁਚਜੇ ਢੰਗ ਨਾਲ ਕੀਤੀ ।

ਸੋ ਗੁਰੂ ਘਰ ਪ੍ਰਤੀ ਅਥਾਹ ਸੇਵਾਵਾਂ ਨਿਭਾਉਦਿਆ ਹੁਣ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਬਹੁਤ ਹੀ ਬਿਰਧ ਹੋ ਚੁਕੇ ਸਨ, ਬਾਬਾ ਜੀ ਦਾ ਸਰੀਰ ਹੁਣ ਕੁਝ ਢਿਲਾ ਰਹਿਣ ਲਗ ਪਿਆ। ਡਾਕਟਰ ਹਰਰੋਜ਼ ਚੈਕਅਪ ਕਰਨ ਆਉਂਦੇ ਸਨ, ਡਾ: ਹਰਚਰਨ ਸਿੰਘ ਅਤੇ ਹੋਰਨਾ ਸਿਆਣੇ ਡਾਕਟਰਾਂ ਨੇ ਨਿਕਟ ਵਰਤੀ ਸੇਵਕਾਂ ਨੂੰ ਹੁਣ ਦੱਸ ਦਿਤਾ ਜੀ ਕੀ ਬਾਬਾ ਜੀ ਹੁਣ ਸੰਸਾਰ ਵਿਚ ਜਿਆਦਾ ਦੇਰ ਨਹੀ ਰਹਿ ਸਕਦੇ ਕਿਉਕੀ ਬਿਮਾਰੀ ਬਾਬਾ ਜੀ ਦੇ ਸਰੀਰ ਅੰਦਰ ਜੋਰ ਫੜਦੀ ਜਾ ਰਹੀ ਹੈ।

ਇਕ ਦਿਨ ਸ਼ਾਮ ਵੇਲੇ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਆਪਣੇ ਤਪੋਬਨ ਦੇ ਕਮਰੇ ਵਿਚ ਬਿਮਾਰੀ ਦੀ ਹਾਲਤ ਵਿਚ ਲੰਮੇ ਪਏ ਹੋਏ ਸਨ, ਡਾਕਟਰਾਂ ਨੇ ਹਰ ਰੋਜ਼ ਦੀ ਤਰਾ੍ਹ ਅੱਜ ਵੀ ਚੈਕਅਪ ਕੀਤਾ, ਚੈਕਅਪ ਕਰਨ ਤੋਂ ਬਾਅਦ ਡਾਕਟਰਾਂ ਨੇ ਸਲਾਹ ਦਿਤੀ ਕਿ ਛੇਤੀ ਛੇਤੀ ਬਾਬਾ ਜੀ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਹਸਪਤਾਲ ਵਿਖੇ ਲੈ ਚਲੋ, ਇਹਨਾ ਦੀ ਹਾਲਤ ਠੀਕ ਨਹੀ ਹੈ, ਸਾਰੇ ਸੇਵਾਦਾਰ ਅਤੇ ਨਿਕਟਵਰਤੀ ਪ੍ਰੇਮੀ ਬਹੁਤ ਹੀ ਘਬਰਾ ਗਏ, ਕੁਝ ਨਿਕਟਵਰਤੀ ਸੇਵਕਾਂ ਨੇ ਬਾਬਾ ਜੀ ਨੂੰ ਐਂਬੂਲੈਂਸ ਵਿਚ ਪਾਕੇ ਹਸਪਤਾਲ ਵਿਚ ਪਹੁੰਚਾ ਦਿਤਾ, ਸਾਰੀ ਉਮਰ ਵਿਚ ਇਹ ਪਹਿਲਾ ਮੋਕਾ ਹੀ ਸੀ ਕਿ ਬਾਬਾ ਜੀ ਕਿਸੇ ਬਿਮਾਰੀ ਕਾਰਨ ਹਸਪਤਾਲ ਗਏ ਹੋਣ ।

ਸੰਗਤ ਜੀ, ਦੁਖ ਅਤੇ ਸੁਖ ਤਾਂ ਹਰ ਪ੍ਰਾਣੀ ਤੇ ਆਉਦਾ ਜਾਂਦਾ ਰਹਿੰਦਾ ਹੈ, ਕਿਹੜਾ ਸੰਤ ਜਾਂ ਮਹਾਪੁਰਸ਼ ਹੈ ਜਿਸਨੇ ਆਪਣੀ ਸਾਰੀ ਉਮਰ ਵਿਚ ਬਿਮਾਰੀ ਨਾ ਵੇਖੀ ਹੋਵੇ ਬਲਕਿ ਆਮ ਦੇਖਿਆ ਗਿਆ ਹੈ ਕਿ ਕਈ ਮਹਾਂਪੁਰਸ਼ ਤਾਂ ਆਮ ਸੰਸਾਰੀ ਜੀਵਾਂ ਤਂੋ ਵੀ ਵਧ ਸਰੀਰਕ ਤਕਲੀਫ ਭੋਗ ਕੇ ਸੰਸਾਰ ਤੋ ਆਪਣਾ ਸਰੀਰ ਤਿਆਗਦੇ ਹਨ, ਕਿਉਕਿ ਐਸੀ ਬੰਦਗੀ ਵਾਲੇ ਮਹਾਂਪੁਰਸ਼ ਆਪਣੀ ਪਿਛਲੀ ਪ੍ਰਹਲਭਦ ਪੂਰੀ ਕਰਕੇ ਪਿਛਲੇ ਸਭ ਕਰਮ ਇਥੇ ਹੀ ਭੋਗ ਜਾਂਦੇ ਹਨ, ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆ ਦੇ ਸਮਕਾਲੀ ਮਹਾਂਪੁਰਸ਼ ਜਿਵੇਂ ਸੰਤ ਬਾਬਾ ਗੁਰਮੁਖ ਸਿੰਘ ਜੀ, ਸੰਤ ਬਾਬਾ ਝੰਡਾ ਸਿੰਘ ਜੀ, ਸੰਤ ਗਿਆਨੀ ਅਮੀਰ ਸਿੰਘ ਜੀ ਆਦਿ ਕਈ ਹੋਰ ਮਹਾਂਪੁਰਸ਼ ਵੀ ਸਰੀਰਕ ਕਸ਼ਟ ਭੋਗਕੇ ਸਦਾ ਸਦਾ ਲਈ ਰਬੀ ਜੋਤ ਵਿਚ ਲੀਨ ਹੋ ਗਏ ਸਨ।

ਹੁਣ ਬਾਬਾ ਜੀ ਜਦਂੋ ਹਸਪਤਾਲ ਵਿਚ ਦਾਖਲ ਹੋ ਗਏ ਤਾਂ ਸਮੂਹ ਨਿਕਟਵਰਤੀ ਸੇਵਕ ਅਤੇ ਸੇਵਾਦਾਰ ਡੂੰਘੇ ਸਦਮੇ ਵਿਚ ਚਲੇ ਗਏ, ਸਮੂਹ ਸੰਗਤਾਂ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਅਤੇ ਬਾਬਾ ਦੀਪ ਸਿੰਘ ਜੀ ਸ਼ਹੀਦ ਅਤੇ ਹੋਰਨਾਂ ਪਾਵਨ ਗੁਰਧਾਮਾਂ ਤੇ ਜਾ ਕੇ ਬਾਬਾ ਜੀ ਦੀ ਸਿਹਤ ਕਾਮਨਾ ਦੀਆਂ ਅਰਦਾਸਾਂ ਕਰਨ ਲਗ ਪਈਆਂ। ਬਾਬਾ ਜੀ ਦੇ ਅਤਿ ਨਿਕਟਵਰਤੀ ਸ਼ਰਧਾਲੂ, ਮਹਾਂਪੁਰਸ਼ਾ ਦੀ ਬੇਹੋਸ਼ੀ ਦੀ ਹਾਲਤ ਵਿਚ ਬਹੁਤ ਘਬਰਾ ਗਏ, ਸ਼੍ਰੀ ਗੰਗਾ ਬਿਸ਼ਨੂੰ ਅਤੇ ਸ਼੍ਰੀ ਸਜਣ ਸਿੰਘ ਜੀ ਦਿਲੀ ਵਾਲੇ ਅਗਲੇ ਦਿਨ ਹੀ ਸ਼੍ਰੀ ਅੰਮ੍ਰਿਤਸਰ ਵਿਖੇ ਹਸਪਤਾਲ ਵਿਚ ਆ ਗਏ। ਮਹਾਂਪੁਰਸ਼ਾਂ ਦੇ ਅਤਿ ਨਿਕਟੀ ਪ੍ਰੀਵਾਰ ਦੇ ਮੁਖੀ ਸ਼੍ਰੀ ਧਿਆਨ ਚੰਦ ਅਤੇ ਉਹਨਾ ਦੇ ਸਪੁਤਰ ਚਰਨ ਦਾਸ ਅਤੇ ਕ੍ਰਿਸ਼ਨ ਲਾਲ ਜੀ ਬਾਗਬਾਨੀ ਕਪੜੇ ਦੀ ਹੱਟੀ ਦੇ ਮਾਲਕ ਆਪਣੇ ਪ੍ਰੀਵਾਰ ਸਮੇਤ ਰਾਤ ਦਿਨ ਬਾਬਾ ਜੀ ਦੇ ਲਾਗੇ ਹਸਪਤਾਲ ਵਿਚ ਸੇਵਾ ਕਰਨ ਲਗ ਪਏ ਇਸ ਪੀਵਾਰ ਨੇ ਹੋਰਨਾਂ ਸ਼ਰਧਾਲੂ ਸੇਵਕਾਂ ਦੀ ਤਰਾ੍ਹ ਸਾਰੀ ਉਮਰ ਹੀ ਬਾਬਾ ਜੀ ਦੀ ਸੇਵਾ ਕੀਤੀ। ਸ਼੍ਰੀ ਸੁਮੇਰ ਸਿੰਘ ਜੀ ਬੰਬਈ ਵਾਲੇ ਆਪਣਾ ਸਾਰਾ ਕਾਰੋਬਾਰ ਵਿਚ ਛਡ ਕੇ ਸ਼੍ਰੀ ਅੰਮ੍ਰਿਤਸਰ ਵਿਖੇ ਹਸਪਤਾਲ ਵਿਚ ਆ ਗਏ।ਸ: ਜਸੰਿਦਰ ਸਿੰਘ ਜੀ ਲਾਲ ਹੱਟੀ ਵਾਲੇ ਜਿਨਾ ਨੇ ਸਾਰੀ ਉਮਰ ਮਹਾਂਪੁਰਸ਼ਾ ਦੀ ਅਥਾਹ ਸੇਵਾ ਕੀਤੀ ਸੀ ਰਾਤ ਦਿਨ ਬਾਬਾ ਜੀ ਦੀ ਸੇਵਾ ਵਿਚ ਲਗ ਗਏ,ਸ੍ਰੀ ਨਾਰਾਇਣ ਦਾਸ ਬੰਬਈ ਵਾਲੇ, ਸੰਤਾਂ ਦੇ ਭਤੀਜੇ(ਕੋਹਲੀ ਜੀ) ਬੰਬਈ ਵਾਲੇ ਅਤੇ ਕਾਨਪੁਰ ਤੋ ਸ: ਮਹਿੰਗਾ ਸਿੰਘ ਜੀ ਵੀ ਮਹਾਂਪੁਰਸ਼ਾਂ ਲਾਗੇ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚ ਗਏ। ਸੋ ਕਹਿਣ ਦਾ ਮਤਲਬ ਇਹ ਹੈ ਕਿ ਕੀ ਵੱਡਾ ਅਤੇ ਛੋਟਾ, ਜਿਸਦਾ ਵੀ ਮਹਾਂਪੁਰਸ਼ ਬਾਬਾ ਭੂਰੀ ਵਾਲਿਆਂ ਨਾਲ ਅਥਾਹ ਪਿਆਰ ਸੀ ਜਿਵੇਂ ਦੀਵੇ ਦੀ ਲਾਟ ਤੇ ਪ੍ਰਵਾਨੇ ਆਪੇ ਹੀ ਪਹੁੰਚ ਜਾਂਦੇ ਹਨ, ਇਸੇ ਤਰਾ੍ਹਂ ਦੇਸ਼ਾਂ ਵਿਦੇਸ਼ਾਂ ਵਿਚੋਂ ਸੰਗਤਾਂ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚ ਗਈਆਂ। ਸੰਤ ਬਾਬਾ ਭੂਰੀ ਵਾਲਿਆਂ ਨੇ ਇਹਨਾਂ ਸਭ ਪ੍ਰੀਵਾਰਾਂ ਅਤੇ ਸੰਗਤਾਂ ਨੂੰ ਗੁਰੂ ਘਰ ਅਤੇ ਵਾਹਿਗੁਰੂ ਜੀ ਦੇ ਸਿਮਰਨ ਨਾਲ ਜੋੜ ਕੇ ਇਹਨਾਂ ਦਾ ਵੱਡਾ ਭਲਾ ਕੀਤਾ ਸੀ ।

ਹੁਣ ਹਸਪਤਾਲ ਦੀ ਵਾਰਡ ਵਿਚ ਸੰਗਤਾਂ ਨੂੰ ਖਲੋਣ ਦੀ ਜਗਾ੍ਹ ਨਹੀ ਸੀ ਮਿਲਦੀ। ਸੋ ਹੁਣ ਡਾਕਟਰ ਅਤੇ ਹਸਪਤਾਲ ਦਾ ਸਟਾਫ, ਸੰਗਤਾਂ ਦਾ ਬਾਬਾ ਜੀ ਨਾਲ ਅਥਾਹ ਪਿਆਰ ਵੇਖ ਕੇ ਹੈਰਾਨ ਹੋ ਰਹੇ ਸਨ, ਸਮੂਹ ਸੰਗਤਾਂ ਹਸਪਤਾਲ ਵਿਚ ਬਾਬਾ ਜੀ ਦੇ ਲਾਗੇ ਚੌਂਕੜੇ ਮਾਰ ਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰ ਰਹੀਆ ਸਨ ।

ਹਸਪਤਾਲ ਦੇ ਬਾਹਰ ਸੇਵਕਾਂ ਵਲੋ ਗੁਰੂ ਕਾ ਅਟੁਟ ਲੰਗਰ ਲਾਇਆ ਹੋਇਆ ਸੀ । ਸੋ ਹੁਣ ਬਾਬਾ ਜੀ ਦੀ ਮੌਤ ਦਾ ਸਮਾਂ ਨੇੜੇ ਆ ਰਿਹਾ ਸੀ, ਬਾਬਾ ਜੀ ਜਦੋਂ ਵੀ ਹੋਸ਼ ਵਿਚ ਆਉਦੇ ਤਾਂ ਆਪਣੇ ਮੁਖ ਵਿਚੋ ਬੋਲਦੇ ਕਿ ਸਾਨੂੰ ਆਪਣੇ ਡੇਰੇ ਵਿਚ ਲੈ ਚਲੋ, ਬਾਬਾ ਜੀ ਨੂੰ ਪੂਰੀ ਸੋਝੀ ਹੋ ਗਈ ਸੀ ਕਿ ਅਸੀਂ ਹੁਣ ਸੰਸਾਰ ਛਡ ਜਾਣਾ ਹੈ ਪਰ ਨਿਕਟਵਰਤੀ ਸੇਵਕ ਡੇਰੇ ਵਿਚ ਖੜਨ ਤੋ ਡਰ ਰਹੇ ਸਨ ਕਿਉਕਿ ਨਿਕਟਵਰਤੀ ਸੇਵਕਾਂ ਨੇ ਸੋਚ ਲਿਆ ਸੀ ਕੀ ਜੇ ਬਾਬਾ ਜੀ ਨੂੰ ਅਸੀਂ ਇਸ ਹਾਲਾਤ ਮੁਤਾਬਕ ਡੇਰੇ ਵਿਚ ਲੈ ਗਏ ਤਾਂ ਬਾਬਾ ਜੀ ਦੀ ਤਕਲੀਫ ਹੋਰ ਵੀ ਵਧ ਸਕਦੀ ਹੈ, ਤਪੋਬਨ ਵਿਚ ਇਲਾਜ ਦੀ ਪੂਰੀ ਸੁਵਿਧਾ ਨਹੀ ਹੈ, ਸਮੂੰਹ ਨਿਕਟਵਰਤੀ ਸੇਵਕ ਸਮਝਦੇ ਸੀ ਕੀ ਜਿੰਨਾ ਚਿਰ ਬਾਬਾ ਜੀ ਦੀ ਸਿਹਤ ਠੀਕ ਨਹੀਂ ਹੁੰਦੀ ਉਨਾ ਚਿਰ ਬਾਬਾ ਜੀ ਨੂੰ ਤਪੋਬਨ ਵਿਚ ਲਿਜਾਣਾ ਵੱਡੀ ਗਲਤੀ ਹੋਵੇਗੀ, ਸੋ ਸਭ ਨਿਕਟਵਰਤੀ ਸੇਵਕਾਂ ਨੇ ਫੈਸਲਾ ਲੈ ਲਿਆ ਕਿ ਬਾਬਾ ਜੀ ਨੂੰ ਹਸਪਤਾਲ ਹੀ ਰਖਿਆ ਜਾਵੇ ।

ਸੋ ਕੁਝ ਦਿਨ ਹਸਪਤਾਲ ਰਹਿਣ ਤੋ ਬਾਅਦ ਮਿਤੀ ੨੯-੧੦-੧੯੭੬ ਵਾਲੀ ਰਾਤ ਨੂੰ ਮਹਾਨ ਰਾਜ ਜੋਗੀ ਅਤੇ ਤੱਪਸਵੀ ਸਾਧੂ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਤਕਰੀਬਨ ੮੫ ਸਾਲ ਦੀ ਉਮਰ ਭੋਗ ਕੇ ਸਚਖੰਡ ਨੂੰ ਪਿਆਨਾ ਕਰ ਗਏ, ਬਾਬਾ ਜੀ ਦੇ ਮਿਰਤਕ ਸਰੀਰ ਨੂੰ ਤਪੋਬਨ ਵਿਖੇ ਲਿਆਂਦਾ ਗਿਆਂ, ਤਪੋਬਨ ਵਿਚ ਸਮੂੰਹ ਸੰਗਤਾਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰ ਰਹੀਆਂ ਸਨ । ਮਹਾਂਪੁਰਸ਼ਾਂ ਦੇ ਪੰਜ ਭੂਤਕ ਸਰੀਰ ਨੂੰ ਉਸ ਕਮਰੇ ਵਿਚ ਦਰਸ਼ਨਾ ਲਈ ਰਖਿਆ ਗਿਆ ਸੀ ਜਿਸ ਕਮਰੇ ਵਿਚ ਬਾਬਾ ਜੀ ਸਮੂੰਹ ਸੰਗਤਾਂ ਨੂੰ ਸੇਵਾ ਅਤੇ ਸਿਮਰਨ ਨਾਲ ਜੋੜਨ ਦਾ ਉਪਦੇਸ਼ ਦਿਆ ਕਰਦੇ ਸਨ । ਸੰਗਤਾਂ ਦਾ ਠਾਠਾਂ ਮਾਰਦਾ ਇਕੱਠ ਇਹ ਦਰਸਾ ਰਿਹਾ ਸੀ ਕਿ ਮਹਾਂਪੁਰਸ਼ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦਾ ਸਿਖ ਜਗਤ ਵਿਚ ਕਿਤਨਾ ਵੱਡਾ ਸਤਿਕਾਰ ਹੈ, ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਬਹੁਤ ਸੰਗਤਾਂ ਮਹਾਂਪੁਰਸ਼ਾ ਦੇ ਪਿਆਰ ਵਿਚ ਰੋਂਦੀਆਂ ਵੇਖੀਆਂ ਗਈਆਂ।ਸਮੂੰਹ ਨਿਕਟਵਰਤੀ ਸੇਵਕ ਅਤੇ ਸ਼ਰਧਾਲੂ, ਮਹਾਂਪੁਰਸ਼ਾ ਦੇ ਪਿਆਰ ਵਿਚ ਬਹੁਤ ਹੀ ਵੈਰਾਗ ਵਿਚ ਦੇਖੇ ਗਏ।

ਸੋ ਅਗਲੇ ਦਿਨ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆ ਦਾ ਹਜ਼ਾਰਾਂ ਸੰਗਤਾਂ ਦੀ ਹਾਜ਼ਰੀ ਵਿਚ ਤਪੋਬਨ ਦੇ ਇਕ ਪਾਸੇ ਬਗੀਚੀ ਵਿਚ ਚੰਦਨ ਦੀਆ ਲਕੜਾਂ ਚਿਣਕੇ ਸਸਕਾਰ ਕਰ ਦਿਤਾ ਗਿਆ ।

ਇਸ ਤੋ ਥੋੜੇ ਦਿਨਾ ਬਾਅਦ ਮਹਾਂਪੁਰਸ਼ਾ ਦੀਆਂ ਪਵਿਤਰ ਅਸਤੀਆਂ ਨੂੰ ਸੰਗਤਾਂ ਨੇ ਜਲੂਸ ਦੀ ਸ਼ਕਲ ਵਿਚ ਸ਼੍ਰੀ ਹਰਦੁਆਰ ਗੰਗਾ ਵਿਚ ਤਾਰਨ ਲਈ ਲਿਜਾਇਆ ਗਿਆ, ਅਤੇ ਸ਼੍ਰੀ ਹਰਦੁਆਰ ਜਾ ਕੇ ਬੜੇ ਹੀ ਸਤਿਕਾਰ ਸਹਿਤ ਸੰਗਤਾਂ ਦੀ ਹਾਜ਼ਰੀ ਵਿਚ ਪਵਿਤਰ ਅਸਥੀਆਂ ਨੂੰ ਜਲ ਪ੍ਰਵਾਹ ਕਰ ਦਿਤਾ।

ਸੋ ਸਤਾਰਵੀ ਵਾਲੇ ਦਿਨ ਤਪੋਬਨ ਵਿਚ ਸ਼੍ਰੀ ਗੁੰਰੁ ਗ੍ਰਥ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਭੋਗ ਪਾਏ ਗਏ, ਭੋਗ ਦੇ ਸਮੇਂ ਸਮੂਹ ਸੰਪਰਦਾਇ ਦੇ ਮੁਖੀ ਅਤੇ ਹਜ਼ਾਰਾਂ ਗੁਰੂ ਕੀਆ ਸੰਗਤਾਂ ਤਪੋਬਨ ਵਿਚ ਪਹੁੰਚੀਆਂ ਸਨ, ਭੋਗ ਦੇ ਸਮੇਂ ਗੁਰੁ ਕੇ ਕੀਰਤਨੀ ਸਿੰਘਾ ਦੇ ਜਥਿਆਂ ਅਤੇ ਸੰਤ ਮਹਾਂਪੁਰਸ਼ਾਂ ਨੇ ਕਥਾ ਵੀਚਾਰਾਂ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ।

ਸੋ ਸੰਗਤਾਂ ਦੇ ਸਮੂੰਹ ਇਕੱਠ ਵਿਚ ਸਮੂੰਹ ਸੰਪਰਦਾਵਾਂ ਦੇ ਮੁਖੀਆਂ ਅਤੇ ਨਿਰਮਲ ਭੇਖ ਦੇ ਮੁਖੀਆਂ ਵਲੋਂ ਉਹਨਾ ਦੇ ਅਤਿ ਨਿਕਟਵਰਤੀ ਚੇਲੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੂੰ ਉਹਨਾ ਦੇ ਉਤਰਾਧਿਕਾਰੀ ਥਾਪ ਕੇ ਦਸਤਾਰ ਬੰਦੀ ਦੀ ਰਸਮ ਅਦਾ ਕਰ ਦਿਤੀ ।