ਜੀਵਨੀਆਂ

ਸੇਵਾ ਤੇ ਨਿਮਰਤਾ ਦੇ ਪੁੰਜ ਜਥੇਦਾਰ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ

ਸੇਵਾ ਤੇ ਨਿਮਰਤਾ ਦੇ ਪੁੰਜ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦਾ ਜਨਮ ੧੨ ਹਾੜ ੧੯੬੭ ਨੂੰ ਸ.ਬੂਟਾ ਸਿੰਘ ਦੇ ਗ੍ਰਹਿ ਮਾਤਾ ਗਿਆਨ ਕੌਰ ਜੀ ਦੀ ਕੁੱਖੋਂ ਅੰਮ੍ਰਿਤਸਰ ਜਿਲੇ ਦੇ ਪਿੰਡ ਚਾਟੀਵਿੰਡ ਵਿਖੇ ਹੋਇਆ। ਪਹਿਲੀ ਤੋਂ ਮਿਡਲ ਤੱਕ ਪਿੰਡ ਦੇ ਸਕੂਲ ਅਤੇ ਹਾਇਰ ਸੈਕੰਡਰੀ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਪਾਸ ਕੀਤੀ। ਸੇਵਾ ਦੇ ਸੰਸਕਾਰ ਬਾਬਾ ਜੀ ਨੂੰ ਆਪਣੀ ਮਾਤਾ ਜੀ ਪਾਸੋਂ ਵਿਰਸੇ 'ਚ ਹੀ ਮਿਲੇ ਕਿਉਂਕਿ ਮਾਤਾ ਜੀ ਕਾਰ ਸੇਵਾ ਸੰਪ੍ਰਦਾ ਨਿਰਮਲੇ ਸੰਤ ਬਾਬਾ ਜੈਮਲ ਸਿੰਘ ਜੀ ਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਦੀ ਸੰਗਤ ਤੇ ਉਨ੍ਹਾਂ ਵੱਲੋਂ ਕੀਤੀਆਂ ਜਾਦੀਆਂ ਪੰਥਕ ਸੇਵਾਵਾਂ 'ਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਸਨ।

ਧਾਰਮਿਕ ਘਰੇਲੂ ਮਾਹੌਲ ਤੇ ਬਾਬਾ ਗੁਰਦਿਆਲ ਸਿੰਘ ਜੀ ਦੀ ਸੰਗਤ ਨੇ ਬਾਬਾ ਕਸ਼ਮੀਰ ਸਿੰਘ ਜੀ ਨੂੰ ਨਾਮ-ਸਿਮਰਨ ਤੇ ਸੇਵਾ ਲਈ ਪ੍ਰੇਰਿਤ ਕੀਤਾ ਅਤੇ ੧੯੮੯ 'ਚ ਉਹ ਪੱਕੇ ਤੌਰ 'ਤੇ ਬਾਬਾ ਗੁਰਦਿਆਲ ਸਿੰਘ ਜੀ ਦੀ ਸੇਵਾ 'ਚ ਲੱਗ ਗਏ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਬਾਬਾ ਕਸ਼ਮੀਰ ਸਿੰਘ ਜੀ ਸਬਰ, ਸਿਦਕ ਤੇ ਸੇਵਾ ਦੀ ਕਸਵੱਟੀ ਤੇ ਪੂਰੇ ਉੱਤਰੇ ਅਤੇ ਸੰਤ ਬਾਬਾ ਗੁਰਦਿਆਲ ਸਿੰਘ ਜੀ ਨੇ ਆਪਣੇ ਜਿਉਂਦੇ ਜੀ ਹੀ ੧੯੯੨ 'ਚ ਉਨ੍ਹਾਂ ਨੂੰ ਕਾਰ ਸੇਵਾ ਸੰਪਰਦਾਇ ਦੇ 'ਜਥੇਦਾਰ' ਦੀ ਜਿੰਮੇਵਾਰੀ ਸੌਂਪ ਦਿੱਤੀ। ਗੁਰੁ ਕ੍ਰਿਪਾ ਨਾਲ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਅਰੰਭੇ ਕਾਰਜਾਂ ਨੂੰ ਬਾਬਾ ਕਸ਼ਮੀਰ ਸਿੰਘ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮੁਕੰਮਲ ਕੀਤਾ ਹੈ।

ਸਿੱਖ ਜਗਤ ਵੱਲੋਂ ਗੁਰੂ ਸਾਹਿਬਾਨ ਦੀਆਂ ਮਨਾਈਆਂ ਵੱਖ-ਵੱਖ ਸ਼ਤਾਬਦੀਆਂ ਦੌਰਾਨ ਬਾਬਾ ਜੀ ਵੱਲੋਂ ਸੰਗਤਾਂ ਦੀ ਸੇਵਾ ਲਈ ਲੰਗਰ ਲਗਾਏ ਗਏ। ਜਿਨ੍ਹਾਂ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾਗੱਦੀ ਦੀ ਤੀਜੀ ਸ਼ਤਾਬਦੀ ਮੌਕੇ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ਲੱਖਾਂ ਦੀ ਗਿਣਤੀ 'ਚ ਸੰਗਤਾਂ ਲਈ ੪੦ ਦਿਨ ਵੱਡੇ ਪੱਧਰ 'ਤੇ ਲੰਗਰ ਦੇ ਕੀਤੇ ਪ੍ਰਬੰਧ ਇਤਿਹਾਸਕ ਹੋ ਨਿਬੜੇ। ਇਨ੍ਹੇ ਵੱਡੇ ਪੱਧਰ 'ਤੇ ਦਿਨ/ਰਾਤ ਲੰਗਰ ਤਿਆਰ ਕਰਨ ਲਈ ਸੈਕੜਿਆਂ ਦੀ ਗਿਣਤੀ 'ਚ ਹਲਵਾਈ, ਹਜ਼ਾਰਾਂ ਦੀ ਗਿਣਤੀ ਵਰਤਾਉਣ ਲਈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੀ ਸੰਗਤ, ਪੀਣ ਵਾਲੇ ਪਾਣੀ ਦੇ ਵਿਸ਼ਾਲ ਪ੍ਰਬੰਧਾਂ ਨੇ ਸੰਗਤ ਤੇ ਪੰਗਤ ਦੇ ਮਿਸ਼ਨ ਨੂੰ ਸਮੁੱਚੇ ਸੰਸਾਰ 'ਚ ਉਜਾਗਰ ਕੀਤਾ। ਇਸ ਪ੍ਰਕਾਰ ਬਾਬਾ ਕਸ਼ਮੀਰ ਸਿੰਘ ਜੀ ਕਾਰਸੇਵਾ ਰਾਹੀਂ ਸੰਗਤਾਂ ਨੂੰ ਹੱਥੀਂ ਸੇਵਾ ਕਰਨ ਤੇ ਨਾਮ-ਸਿਮਰਨ ਨਾਲ ਜੋੜਦਿਆਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ 'ਚ ਵਡਾ ਯੋਗਦਾਨ ਹੈ ਅਤੇ ਉਨ੍ਹਾਂ ਵੱਲੋਂ ਵੱਖ-ਵੱਖ ਇਤਿਹਾਸਕ ਗੁਰਧਾਮਾਂ 'ਚ ਕੀਤੇ ਉਸਾਰੀ ਦੇ ਕਾਰਜ ਵੀ ਇਤਿਹਾਸ ਦਾ ਹਿੱਸਾ ਬਣ ਗਏ ਹਨ।

ਬਾਬਾ ਜੀ ਵੱਖ-ਵੱਖ ਸਥਾਨਾਂ ਵਿਖੇ ਚੱਲ ਰਹੇ ਸੇਵਾ ਕਾਰਜਾਂ ਨੂੰ ਜਲਦ ਮੁਕੰਮਲ ਕਰਨ ਲਈ ਦਿਨ-ਰਾਤ ਗਰਮੀ ਤੇ ਸਰਦੀ ਦੇ ਮੌਸਮ 'ਚ ਸੰਗਤਾਂ ਨੂੰ ਪ੍ਰੇਰਨ ਲਈ ਯਤਨਸ਼ੀਲ ਰਹਿੰਦੇ ਹਨ। ਸਿਰ 'ਤੇ ਗੋਲ ਦਸਤਾਰ, ਪੈਰੀਂ ਚਮੜੇ ਦਾ ਸਧਾਰਨ ਕਾਲੇ ਰੰਗ ਦਾ ਜੋੜਾ, ਕਾਲੇ ਰੰਗ ਦੇ ਸੂਤੀ ਚੋਲੇ ਅਤੇ ਮੋਢੇ 'ਤੇ ਖੱਦਰ ਦੇ ਪਰਨੇ ਤੋਂ ਬਾਬਾ ਜੀ ਦੇ ਉੱਚੇ-ਸੁੱਚੇ ਤੇ ਸਾਦੇ ਜੀਵਨ ਦੀ ਝਲਕ ਪੈਂਦੀ ਹੈ। ਬਾਬਾ ਜੀ ਆਪਣੇ ਜਿੰਮੇ ਲੱਗੀ ਗੁਰੂ ਸਾਹਿਬਾਨ ਦੇ ਚਰਨ-ਛੋਹ ਪ੍ਰਾਪਤ ਸਥਾਨਾਂ ਦੀ ਸੇਵਾ ਮੁਕੰਮਲ ਹੋਣ 'ਤੇ ਬੜੇ ਹੀ ਨਿਮਰ ਭਾਵ ਨਾਲ ਪ੍ਰਬੰਧਕਾਂ ਨੂੰ ਸੌਂਪਣਾ ਕਰਕੇ ਤਸੱਲੀ ਮਹਿਸੂਸ ਕਰਦੇ ਹਨ। ਉਨ੍ਹਾਂ ਦੇ ਮਿਲਣਸਾਰ ਸੁਭਾਅ ਸਦਕਾ ਇੱਕ ਵਾਰ ਜੋ ਵੀ ਉਨ੍ਹਾਂ ਨੂੰ ਮਿਲ ਲੈਂਦਾ ਹੈ ਉਹ ਹਮੇਸ਼ਾਂ ਲਈ ਉਨ੍ਹਾਂ ਨਾਲ ਜੁੜ ਜਾਂਦਾ ਹੈ। ਇਹੀ ਕਾਰਨ ਹੈ ਕਿ ਬਾਬਾ ਜੀ ਦੇ ਸਹਿਯੋਗੀਆਂ ਦਾ ਵੱਡਾ ਦਾਇਰਾ ਹੈ।ਕਿਸੇ ਵੀ ਕਾਰਜ ਦੀ ਆਰੰਭਤਾ ਤੋ ਪਹਿਲਾ ਉਹ ਆਪਣੇ ਸਹਿਯੋਗੀਆ ਨਾਲ ਮਿਲ ਬੈਠ ਕੇ ਵਿਚਾਰ ਵਟਾਂਦਰਾ ਕਰਦੇ ਹਨ।

ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਅਸਥਾਨ ਪਟਨਾਂ ਸਾਹਿਬ ਵਿਖੇ ਤਖਤ ਸਾਹਿਬ ਦੇ ਨਜ਼ਦੀਕ ਗੁਰਦੁਆਰਾ ਬਾਲ ਲੀਲਾ (ਮੈਣੀ ਸੰਗਤ) ਵਿਖੇ ਸੰਗਤਾਂ ਦੇ ਸਹਿਯੋਗ ਨਾਲ ਆਧੁਨਿਕ ਸਹੂਲਤਾਂ ਵਾਲੇ ੧੧੦ ਕਮਰੇ ਤਿਆਰ ਕਰਕੇ, ਪਟਨਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਲਈ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਸੰਗਤਾਂ ਨੂੰ ਸਟੇਸ਼ਨ ਤੋਂ ਤਖਤ ਸਾਹਿਬ ਤੱਕ ਲਿਆਉਣ ਅਤੇ ਵਾਪਸੀ ਵੇਲੇ ਛੱਡ ਕੇ ਆਉਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਥੇ ਹੀ ਬੱਸ ਨਹੀਂ ੨੪ ਘੰਟੇ ਲੰਗਰ ਦੇ ਪ੍ਰਬੰਧ ਤੋਂ ਇਲਾਵਾ ਤਖਤ ਸਾਹਿਬ ਦੇ ਦਰਸ਼ਨ ਕਰਕੇ ਵਾਪਸ ਪਰਤਣ ਵਾਲੀਆਂ ਸੰਗਤਾਂ ਨੂੰ ਸਫਰ ਦੌਰਾਨ ਲੰਗਰ ਪੈਕ ਕਰਕੇ ਦੇਣ ਦਾ ਵੱਡਾ ਉਪਰਾਲਾ ਕੀਤਾ ਹੈ। ਪਟਨਾ ਸਾਹਿਬ ਵਿਖੇ ਹੁਣ ੨੫ ਕਮਰਿਆਂ ਦੀ ਤਿਆਰੀ ਚੱਲ ਰਹੀ ਹੈ, ਗੁਰਦੁਆਰਾ ਸਾਹਿਬ ਨੂੰ ਜਾਂਦਾ ਰਸਤਾ ਖੁੱਲ੍ਹਾ ਕਰਨ ਲਈ ਨਾਲ ਲੱਗਦੇ ਮਕਾਨ ਕਰੋੜਾਂ ਰੁਪਏ ਦੇ ਖਰੀਦ ਕੀਤੇ ਹਨ। ਜਲਦ ਹੀ ੧੫੦ ਕਮਰਿਆਂ ਦਾ ਟਾਵਰਨੁਮਾਂ ੧੫ ਮੰਜਲਾ ਇਮਾਰਤ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਅਸਥਾਨ ਪੁਰ ਬਾਬਾ ਜੀ ਵੱਲੋਂ ੧੦੦੦ ਦੀ ਗਿਣਤੀ ਤੱਕ ਕਮਰੇ ਉਸਾਰੇ ਜਾਣ ਦਾ ਪ੍ਰੋਜੈਕਟ ਹੈ। ਇਥੇ ਇਹ ਵਿਸ਼ੇਸ਼ ਤੌਰ 'ਤੇ ਜਿਕਰਯੋਗ ਹੈ ਕਿ ਪਟਨਾ ਸਾਹਿਬ ਉਸਾਰੀ ਦੇ ਕਾਰਜਾਂ ਲਈ ਕਾਰੀਗਰਾਂ ਵੱਲੋਂ ਹੱਥੀਂ ਤਿਆਰ ਕੀਤਾ ਜਾਣ ਵਾਲਾ ਸਮਾਨ (ਲੱਕੜ ਦੇ ਦਰਵਾਜੇ, ਬੈੱਡ, ਗਰਿੱਲਾਂ ਆਦਿ) ਤੋਂ ਇਲਾਵਾ ਲੰਗਰ ਲਈ ਰਸਦਾਂ ਤੇ ਸੁੱਕਾ ਦੁਧ ਆਦਿ ਸ੍ਰੀ ਅੰਮ੍ਰਿਤਸਰ ਤੋਂ ਲਿਜਾਇਆ ਜਾਦਾ ਹੈ। ਹੱਥੀਂ ਸੇਵਾ ਕਰਨ ਲਈ ਸੰਗਤਾਂ ਦਾ ਪਟਨਾ ਸਾਹਿਬ ਜਾਣਾ ਵੀ ਨਿਰੰਤਰ ਜਾਰੀ ਹੈ। ਬਾਬਾ ਜੀ ਵੱਲੋਂ ਪਟਨਾ ਸਾਹਿਬ ਵਿਖੇ ਅਰੰਭੇ ਸੇਵਾ ਦੇ ਕਾਰਜਾਂ ਸਦਕਾ ਦੇਸ਼ ਭਰ ਦੀਆਂ ਸਿੱਖ ਸੰਗਤਾਂ ਦਾ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਵਨ ਅਸਥਾਨ ਦੇ ਦਰਸ਼ਨ ਦੀਦਾਰਿਆਂ ਦਾ ਰੁਝਾਨ ਬਹੁਤ ਵਧਿਆ ਹੈ।

ਜਿਕਰਯੋਗ ਹੈ ਕਿ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਵਾਲਿਆਂ ਵੱਲੋਂ ਵਰੋਸਾਏ ਬਾਬਾ ਜੈਮਲ ਸਿੰਘ ਜੀ (ਨਿਰਮਲੇ) ਭੂਰੀ ਵਾਲਿਆਂ ਨੇ ੧੯੩੨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਧੁਆਈ ਤੇ ਝਾੜੂ ਦੀ ਸੇਵਾ ਤੋਂ ਸੇਵਾ ਸ਼ੁਰੂ ਕੀਤੀ ਅਤੇ ੧੯੪੮ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਾਬਾ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾਂ ਨੂੰ ਖੁਲਿਆਂ ਕੀਤੇ ਜਾਣ ਵਾਸਤੇ ਦੱਖਣੀ ਬਾਹੀ ਡਿਉੜੀ ਤੇ ਬ੍ਰਾਂਡੇ ਦੀ ਸੇਵਾ ਸੌਂਪੀ ਸੀ। ਇਸ ਉਪਰੰਤ ਇਸ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਵੱਲੋਂ ਇਤਿਹਾਸਕ ਗੁਰਧਾਮਾਂ 'ਚ ਕੀਤੇ/ ਹੋ ਰਹੇ ਵੱਖ-ਵੱਖ ਕਾਰਜਾਂ ਦੀ ਵੱਡੀ ਤਫਸੀਲ ਹੈ, ਜਿੰਨ੍ਹਾਂ 'ਚ ਕੁਝ ਕੁ ਦਾ ਜਿਕਰ ਕਰਨਾ ਜਰੂਰੀ ਹੈ।

ਮਹਾਨ ਸੂਰਬੀਰ ਯੋਧੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਅੰਮ੍ਰਿਤਸਰ ਵਿਖੇ ਸ਼ੁਸ਼ੋਭਿਤ 'ਗੁਰਦੁਆਰਾ ਸ਼ਹੀਦਾਂ' ਵਿਖੇ ਸੁੰਦਰ ਸੁਖ-ਆਸਨ ਅਸਥਾਨ ਤਿਆਰ ਕੀਤਾ ਹੈ। ਗੁਰਦੁਆਰਾ ਸਾਹਿਬ ਦੇ ਵਿਸਥਾਰ ਲਈ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਮਕਾਨ ਕਰੋੜਾਂ ਰੁਪਏ ਦੇ ਖਰੀਦ ਕਰਕੇ ਦਸਤਾਵੇਜ (ਰਜਿਸਟਰੀਆਂ) ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪੀਆਂ ਹਨ। ਕਾਰ ਪਾਰਕਿੰਗ ਦੇ ਉਪਰ ਸੁੰਦਰ ਅਖੰਡ ਪਾਠ ਭਵਨ (੨੦ ਕਮਰੇ) ਤੇ ਸੁਖ-ਆਸਣ ਅਸਥਾਨ ਤਿਆਰ ਕੀਤੇ ਹਨ। ਗੁਰਦੁਆਰਾ ਬਾਬਾ ਬੋਤਾ ਸਿੰਘ-ਬਾਬਾ ਗਰਜਾ ਸਿੰਘ ਸ਼ਹੀਦ ਦੇ ਸਾਹਮਣੇ ਇੰਟਰਲਾਕਿੰਗ ਟਾਇਲ ਲਾ ਕੇ ਸੁੰਦਰ ਫਰਸ਼ ਤਿਆਰ ਕੀਤਾ ਹੈ। ਗੁਰਦੁਆਰਾ ਬਿਬੇਕਸਰ ਵਿਖੇ ਹਾਲ ਦਾ ਵਿਸਥਾਰ ਕਰਕੇ ਉਪਰ ਸੁੰਦਰ ਸੁਖ ਆਸਣ ਤੇ ਅਖੰਡਪਾਠਾਂ ਲਈ ਕਮਰੇ, ਦੋ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਅਤੇ ਗੁਰਦੁਆਰਾ ਰਾਮਸਰ ਸਾਹਿਬ ਵਾਲੇ ਪਾਸੇ ਸੁੰਦਰ ਦਰਸ਼ਨੀ ਡਿਉੜੀ ਤਿਆਰ ਕਰਨ ਦੇ ਕਾਰਜ ਕੀਤੇ ਹਨ।

ਅੰਮ੍ਰਿਤਸਰ ਵਿਖੇ ਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨਿਵਾਸ, ਸ੍ਰੀ ਗੁਰੁ ਅਰਜਨ ਦੇਵ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਦੀ ਮੁਰੰਮਤ ਤੇ ਰੰਗ-ਰੋਗਨ ਅਤੇ ਗੁਰਦੁਆਰਾ ਕੌਲਸਰ ਸਾਹਿਬ ਸਰੋਵਰ 'ਚ ਸੇਫਟੀ-ਜਾਲੀ, ਗਰਿੱਲਾਂ ਲਗਾਉਣ ਅਤੇ ਬੀਬੀਆਂ ਦੇ ਇਸ਼ਨਾਨ ਲਈ ਪੋਣੇ ਬਣਾਉਣ ਦੇ ਕਾਰਜ ਮੁਕੰਮਲ ਕੀਤੇ ਹਨ। ਸੰਗਤਾਂ ਦੀ ਅਥਾਹ ਸ਼ਰਧਾ ਨਾਲ ਜੁੜੀ ਦੁਖ-ਭੰਜਨੀ ਬੇਰੀ ਦੇ ਸਾਹਮਣੇ ਬ੍ਰਾਂਡੇ ਉੱਪਰ ੧੦ ਕਮਰੇ ਅਤੇ ਸੁਖ-ਆਸਣ ਅਸਥਾਨ ਦੀ ਸੇਵਾ ਅਰੰਭ ਕੀਤੀ ਹੈ।

ਅੰਮ੍ਰਿਤਸਰ ਦੇ ਨਜਦੀਕ ਸ੍ਰੀ ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਲੰਗਰ ਦੀ ਇਮਾਰਤ ਤੇ ਅਖੰਡ ਪਾਠਾਂ ਲਈ ਕਮਰੇ, ਅੰਮ੍ਰਿਤਸਰ ਦੇ ਬਾਹਰਵਾਰ ਛੇਵੇਂ ਪਾਤਸ਼ਾਹ ਸ੍ਰੀ ਗੁਰੁ ਹਰਿਗੋਬਿੰਦ ਸਾਹਿਬ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸੰਗਰਾਣਾ ਸਾਹਿਬ (ਜਿਥੇ ਮਾਤਾ ਸੁਲੱਖਣੀ ਨੂੰ ਪੁੱਤਰਾਂ ਦਾ ਵਰ ਬਖਸ਼ਿਸ਼ ਕੀਤਾ ਸੀ) ਵਿਖੇ ਦਰਸ਼ਨੀ ਡਿਊੜੀ ਦੀ ਉਸਾਰੀ, ਪ੍ਰਕਰਮਾਂ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਸੰਗਮਰਮਰ ਲਗਾਉਣ ਤੇ ਸਰੋਵਰ ਦੀ ਉਸਾਰੀ ਦੇ ਕਾਰਜ ਕੀਤੇ। ਪਟਿਆਲੇ ਤੋ ੨੦ ਕਿਲੋਮੀਟਰ ਛੇਵੇਂ ਤੇ ਨੌਵੇਂ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਕਰਹਾਲੀ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਲਈ ਸ਼ਾਨਦਾਰ ਕਮਰੇ ਤੇ ਸੁਖ-ਆਸਣ ਅਸਥਾਨ ਤਿਆਰ ਕੀਤਾ ਹੈ ਤੇ ਪਿੰਡ ਕਰਹਾਲੀ ਵਿਖੇ ਗੁਰਦੁਆਰਾ ਚਰਨ ਕਵਲ ਸਾਹਿਬ ਜੀ ਦੀ ਇਮਾਰਤ ਦੀ ਉਸਾਰੀ ਚਲ ਰਹੀ ਹੈ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਦਰਸ਼ਨੀ ਡਿਊੜੀ ਦੇ ਇਤਿਹਾਸਕ ਦਰਵਾਜਿਆਂ ਦੀ ਸੇਵਾ ਦਾ ਕਾਰਜ ਵੀ ਬਾਬਾ ਕਸ਼ਮੀਰ ਸਿੰਘ ਜੀ ਦੀ ਦੇਖ-ਰੇਖ ਹੇਠ ਚੱਲ ਰਿਹਾ ਹੈ। ਇਹ ਦਰਵਾਜੇ ਲੱਗਭਗ ਮੁਕੰਮਲ ਹੋਣ ਦੇ ਕਰੀਬ ਹਨ।

ਤਖਤ ਸ੍ਰੀ ਦਮਦਮਾਂ ਸਾਹਿਬ ਵਿਖੇ ੧੦੦ ਕਮਰਿਆਂ ਵਾਲੇ ਸ੍ਰੀ ਗੁਰੂ ਤੇਗ ਬਹਾਦਰ ਨਿਵਾਸ ਦੀ ਸੇਵਾ, ਸ੍ਰੀ ਗੁਰੂ ਨਾਨਕ ਸਾਹਿਬ ਦੀ ਯਾਦ 'ਚ ਹਰਿਦੁਆਰ ਸਾਹਿਬ ਦੇ ਨਜਦੀਕ ਗੁਰਦੁਆਰਾ ਸਾਹਿਬ ਸੰਤ ਸਾਗਰ ਬਾਉਲੀ ਸਾਹਿਬ ਗੈਂਡੀਖਾਤਾ ਦੀ ਨਵੀਂ ਇਮਾਰਤ ਦੀ ਸੇਵਾ ਅਤੇ ਮੱਧ ਪ੍ਰਦੇਸ਼ ਸੂਬੇ ਦੇ ਪ੍ਰਮੁੱਖ ਸ਼ਹਿਰ ਉਜੈਨ ਵਿਚ ਜਿਸ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਨਾਲ ਭਰਥਰੀ ਯੋਗੀ ਨੇ "ਜੀਵਨ ਮੁਕਤੀ" ਵਿਸ਼ੇ 'ਤੇ ਗੋਸ਼ਟ ਕੀਤੀ ਸੀ, ਵਿਖੇ ਗੁਰਦੁਆਰਾ ਸਾਹਿਬ ਦੀ ਸ਼ਾਨਦਾਰ ਨਵੀਂ ਇਮਾਰਤ, ਲੰਗਰ ਹਾਲ ਦੀ ਸੇਵਾ ਦੇ ਕਾਰਜ ਸ਼ਰਧਾ ਭਾਵਨਾ ਨਾਲ ਚਲ ਰਹੇ ਹਨ। ਜਲਦ ਹੀ ਅੰਮ੍ਰਿਤਸਰ ਦੇ ਨਾਲ ਲੱਗਦੇ ਪਿੰਡ ਸੁਲਤਾਨਵਿੰਡ ਵਿਖੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਯਾਦ 'ਚ ਸ਼ਸ਼ੋਭਿਤ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਸ਼ੁਰੂ ਕੀਤੀ ਜਾਵੇਗੀ। ਕੁਦਰਤ ਦੀ ਰਚਨਾ ਨਾਲ ਪਿਆਰ ਕਰਨ ਵਾਲੇ ਬਾਬਾ ਜੀ ਨੇ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਇਲਾਕਿਆ ਵਿਚ ਬੂਟੇ ਲਗਾਉਣ ਤੋਂ ਇਲਾਵਾ ਗੁਰਦੁਆਰਾ ਖੂਹ ਭਾਈ ਮੰਝ ਦੇ ਨਾਲ ਲਗਦੀ ਜਗ੍ਹਾ ਤੇ ਖੁੱਲੀ ਡੁਲੀ ਸ਼ਾਨਦਾਰ ਪਾਰਕ ਤਿਆਰ ਕੀਤੀ ਹੈ। ਜਿਸ ਵਿੱਚ ਫੁੱਲ ਬੂਟਿਆਂ ਤੇ ਵਧੇਰੀ ਉਮਰ ਵਾਲੇ ਜੰਡ, ਪਿਪਲ, ਟਾਹਲੀ ਤੇ ਬੋਹੜ ਆਦਿ ਵਰਗੇ ਰੁੱਖ ਲਗਾਕੇ ਵਾਤਾਵਰਣ ਨੂੰ ਸ਼ੁਧ ਰੱਖਣ ਦਾ ਕਾਰਗਰ ਉਪਰਾਲਾ ਕੀਤਾ।

ਕਾਰ ਸੇਵਾ ਦੇ ਖੇਤਰ 'ਚ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ(ਘਿਉ ਮੰਡੀ) ਦੀ ਬੇਸਮੈਂਟ ਸਮੇਤ ਪੰਜ ਮੰਜਲਾਂ ਅਤੀ ਆਧੁਨਿਕ ਇਮਾਰਤ ਤਿਆਰ ਕੀਤੇ ਜਾਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।

ਬਾਬਾ ਜੀ ਦੀਆਂ ਸੇਵਾਵਾਂ 'ਤੇ ਤਸੱਲੀ ਪ੍ਰਗਟ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਤ੍ਰਿੰਗ ਕਮੇਟੀ ਨੇ ਆਪਣੇ ਇੱਕ ਅਹਿਮ ਮਤੇ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਤੇ ਨਿਕਾਸੀ ਦੀ ਸੇਵਾ ਦਾ ਕਾਰਜ ਵੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸੌਂਪਿਆ ਹੈ।

ਬਾਬਾ ਜੀ ਵੱਲੋਂ ਕੀਤੇ ਜਾਣ ਵਾਲੇ ਪੰਥਕ ਕਾਰਜਾਂ ਲਈ ਉਨ੍ਹਾਂ ਦੇ ਨਾਲ ਇੱਕ ਸਹਿਯੋਗੀਆਂ ਦੀ ਵੱਡੀ ਟੀਮ ਹੈ, ਜਿਨ੍ਹਾਂ ਨੂੰ ਦਰਜਾ-ਬਾ-ਦਰਜਾ ਜਿੰਮੇਵਾਰੀਆਂ ਸੌਂਪੀਆਂ ਜਾਦੀਆਂ ਹਨ ਜੋ ਸਮੁੱਚੇ ਰੂਪ 'ਚ ਬਾਬਾ ਜੀ ਦੇ ਆਦੇਸ਼ਾਂ ਨੂੰ ਸਮਰਪਿਤ ਹਨ। ਇਥੇ ਬਾਬਾ ਸੁਖਵਿੰਦਰ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਜਿਕਰ ਕਰਨਾ ਬਣਦਾ ਹੈ, ਜਿਨ੍ਹਾਂ ਨੂੰ ਬਾਬਾ ਜੀ ਨੇ ਸਮੁੱਚੇ ਸੇਵਾ ਕਾਰਜਾਂ ਦੀ ਜਿੰਮੇਵਾਰੀ ਸੌਂਪੀ ਹੈ। ਜਿਥੇ ਵੀ ਕਾਰਜ ਚਲ ਰਹੇ ਹਨ ਉਥੇ ਹਰ ਕਿਸਮ ਦੇ ਤਕਨੀਕੀ ਕਾਰਜਾਂ, (ਡਰਾਂਇਗਾਂ), ਲੋੜੀਦਾ ਸਮਾਨ ਮੁਹੱਈਆ ਕਰਨਾ ਤੇ ਦੂਰ ਨੇੜੇ ਚਲ ਰਹੀਆਂ ਸੇਵਾਵਾਂ ਦੀ ਫੋਨ 'ਤੇ ਜਾਣਕਾਰੀ ਲੈਣੀ, ਉਥੇ ਕੰਮ ਕਰਨ ਵਾਲਿਆਂ ਨੂੰ ਉਤਸ਼ਾਹਤ ਕਰਨਾ, ਸਥਾਨਕ ਸੰਗਤਾਂ ਨਾਲ ਤਾਲਮੇਲ ਤੇ ਹਰ ਪ੍ਰਕਾਰ ਦੀ ਖਰੀਦੋ ਫਰੋਖਤ ਉਨਾਂ ਦੇ ਟਿਪਸ ਤੇ ਹੁੰਦੀ ਹੈ। ਸੰਪ੍ਰਦਾ 'ਚ ਛੋਟੇ ਤੋਂ ਵੱਡੇ ਸੇਵਾਦਾਰਾ ਤੱਕ ਦੀ ਦੇਖ ਭਾਲ ਤੇ ਉਹਨਾ ਨੂੰ ਢੁੱਕਵਾ ਮਾਣ/ਪਿਆਰ ਦੇਣ ਦੀ ਜਿੰਮੇਵਾਰੀ ਬਾ-ਖੁਬੀ ਨਿਭਾਹ ਰਹੇ ਹਨ।

ਸਤਿਗੁਰਾਂ ਦੀ ਬਖਸ਼ਿਸ਼ ਸਦਕਾ ਅਨੁਸ਼ਾਸ਼ਨ, ਸਮਰਪਣ, ਸ਼ਰਧਾ, ਸਿਦਕ ਤੇ ਮਿਲਣਸਾਰੀ ਵਰਗੇ ਗੁਣ ਹੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੇ ਪ੍ਰਬੰਧ ਦੀ ਸਫਲਤਾ ਦਾ ਪ੍ਰਤੀਕ ਹਨ। ਥੋੜਾ ਖਾਣਾ, ਥੋੜਾ ਸੌਣਾ, ਅੰਮ੍ਰਿਤ ਵੇਲੇ ਉੱਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰਨੀ ਤੇ ਉਪਰੰਤ ਥੋੜੀ ਸੈਰ ਤੇ ਫਿਰ ਦੇਰ ਰਾਤ ਤੱਕ ਸੇਵਾ ਦੇ ਕਾਰਜਾਂ 'ਚ ਰੁਝ ਜਾਣਾ ਹੀ ਬਾਬਾ ਜੀ ਦਾ ਜੀਵਨ ਹੈ। ਸਿੱਖ ਜਗਤ ਦੀਆਂ ਸਤਿਕਾਰਤ ਸਖ਼ਸੀਅਤਾਂ ਸੰਤਾਂ ਮਹਾਂਪੁਰਸ਼ਾ ਨੂੰ ਬਹੁਤ ਹੀ ਅਦਬ ਨਾਲ ਦੋ ਕਦਮ ਅੱਗੇ ਹੋ ਕੇ ਸਤਿਕਾਰ ਭੇਟ ਕਰਨਾ ਉਨ੍ਹਾਂ ਦਾ ਅਕੀਦਾ ਹੈ। ਉਦਾਸੀ ਸੰਪ੍ਰਦਾ, ਨਿਹੰਗ ਸਿੰਘ ਜਥੇਬੰਦੀਆਂ, ਸੇਵਾ-ਪੰਥੀ, ਸੰਤ ਸਮਾਜ, ਹੋਰ ਧਾਰਮਿਕ ਤੇ ਸਮਾਜਕ ਜਥੇਬੰਦੀਆਂ ਨਾਲ ਹਮੇਸ਼ਾਂ ਤਾਲ-ਮੇਲ ਬਣਾਈ ਰੱਖਦੇ ਹਨ। ਇਹੀ ਕਾਰਨ ਹੈ ਕਿ ਪੰਥਕ ਹਲਕਿਆਂ ਵੱਲੋਂ ਉਨ੍ਹਾਂ ਨੂੰ ਨਿੱਘਾ ਸਨਮਾਨ ਤੇ ਸਹਿਯੋਗ ਮਿਲਦਾ ਹੈ।*

ਜਾਰੀ ਕਰਤਾ: ਰਾਮ ਸਿੰਘ ਭਿੰਡਰ # 098148-98003

ਸੇਵਾ ਦੇ ਪੁੰਜ ਗੁਰੂ ਘਰ ਦੇ ਅਨਿਨ ਸ਼ਰਧਾਲੂ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਕਾਰ ਸੇਵਾ ਦੇ ਖੇਤਰ ਵਿੱਚ ਪਾਏ ਵਡਮੁੱਲੇ ਯੋਗਦਾਨ ਸਦਕਾ ਬਾਬਾ ਨਿਧਾਨ ਸਿੰਘ ਇੰਟਰਨੈਸ਼ਨਲ--------------- ਸੰਸਥਾ ਅੱਜ ਅਜਿਹੀ ਮਹਾਨ ਸਖਸ਼ੀਅਤ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੀ ਹੈ।