ਸਕੂਲ

ਸੰਤ ਬਾਬਾ ਭੂਰੀ ਵਾਲੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ

ਸੇਵਾ ਦੇ ਪੁੰਜ ਸ਼੍ਰੀਮਾਨ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦੇ ਵਰੋਸਾਏ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੇ ਆਪਣੇ ਜੀਵਨ ਵਿੱਚ ਵਿਵਹਾਰਕ ਰੂਪ ਵਿਚ ਸੇਵਾ ਦੇ ਸੰਕਲਪ ਨੂੰ ਦ੍ਰਿੜ ਕਰਵਾਇਆ ਅਤੇ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਵਲੋਂ ਅਰੰਭੇ ਉਹ ਸਾਰੇ ਕਾਰਜਾਂ ਨੂੰ ਸਪੂੰਰਨਤਾ ਵੱਲ ਤੋਰਿਆ। ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਪਵਿਤ੍ਰ ਬਚਨ ਹੈ:

" "ਵਿਦਿਆ ਵੀਚਾਰੀ ਤਾ ਪਰਉਪਕਾਰੀ"

ਅਸਲੀ ਵਿਦਵਾਨ ਉਹੀ ਹੈ ਜੋ ਪਰਉਪਕਾਰ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਇਸ ਸੰਬੰਧ ਵਿਚ ਭਾਈ ਗੁਰਦਾਸ ਜੀ ਆਪਣੇ ਮੁਬਾਰਿਕ ਬਚਨ ਲਿਖਦੇ ਹਨ:

"ਜੈਸੇ ਸਤ ਮੰਦਰ ਕਚੰਨ ਕੇ ਉਸਾਰ ਦੀਨੇ"
"ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ॥"

ਇਸ ਵਿਚਾਰਧਾਰਾ ਨੂੰ ਵਿਵਹਾਰਕ ਰੂਪ ਦੇਣ ਲਈ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੇ ਸੰਨ ੧੯੮੮ ਵਿਚ ਸੰਤ ਬਾਬਾ ਭੂਰੀ ਵਾਲੇ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਜਦੀਕ ਗੁਰਦੁਆਰਾ ਭਾਈ ਮੰਝ ਸਹਿਬ, ਕੋਟ ਮਿੱਤ ਸਿੰਘ, ਅੰਮ੍ਰਿਤਸਰ ਵਿਚ ਇਕ ਮਹਾਨ ਵਿਦਿਅਕ ਅਦਾਰਾ ਉਸਾਰ ਕੇ ਆਲੇ-ਦੁਆਲੇ ਦੇ ਨਿਵਾਸੀਆਂ ਲਈ ਅਹਿਮ ਸੇਵਾ ਕੀਤੀ। ਅੱਜ ਇਹ ਵਿਦਿਅਕ ਅਦਾਰਾ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅਤੇ ਬਾਬਾ ਸੁਖਵਿੰਦਰ ਸਿੰਘ ਜੀ ਦੀ ਦੇਖ-ਰੇਖ ਅਧੀਨ ਇਲਾਕੇ ਦਾ ਮਹਾਨ ਵਿਦਿਅਕ ਅਦਾਰਾ ਬਣ ਚੁੱਕਾ ਹੈ ਜਿਥੇ ਸੈਕੜੇ ਵਿਦਿਆਰਥੀ (ਲੜਕੇ ਅਤੇ ਲੜਕੀਆਂ) ਸਿੱਖਿਆ ਪ੍ਰਾਪਤ ਕਰਕੇ ਆਪਣਾ ਜੀਵਨ ਸੰਵਾਰ ਰਹੇ ਹਨ।