ਜੀਵਨੀਆਂ

ਬ੍ਰਹਮਗਿਆਨੀ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲੇ

ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਦਾ ਜਨਮ ਸੰਨ ੧੯੧੭ ਈ: ਵਿਚ ਪਿੰਡ ਨੱਤ ਮੋਕਲ ਜਿਲ੍ਹਾ ਗੁਰਦਾਸਪੁਰ ਵਿਖੇ ਮਾਤਾ ਬਸੰਤ ਕੌਰ ਦੀ ਕੁਖੋਂ ਪਿਤਾ ਸ: ਸੁਰੈਣ ਸਿੰਘ ਜੀ ਦੇ ਘਰ ਹੋਇਆ। ਆਪ ਬਚਪਨ ਤੋ ਹੀ ਵੈਰਾਗੀ ਅਤੇ ਤਿਆਗੀ ਸੁਭਾਅ ਦੇ ਹੁੰਦੇ ਸਨ। ਬਚਪਨ ਦੇ ਦਿਨਾਂ ਵਿਚ ਹੀ ਇਕ ਦਿਨ ਆਪ ਆਪਣੇ ਮਾਤਾ ਪਿਤਾ ਜੀ ਦੇ ਨਾਲ ਸ਼੍ਰੀ ਅੰਮ੍ਰਿਤਸਰ ਵਿਖੇ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਵਿਚ ਸੇਵਾ ਕਰਨ ਆਏ, ਉਸ ਵਕਤ ਸਚਖੰਡ ਸ਼੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾ ਦੀ ਸੇਵਾ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਕਰਵਾ ਰਹੇ ਸਨ, ਇਹਨਾਂ ਦੇ ਮਾਤਾ ਪਿਤਾ ਜੀ ਨੇ ਇਥੇ ਰਹਿ ਕੇ ਪ੍ਰਕਰਮਾ ਦੀ ਸੇਵਾ ਵਿਚ ਹਿਸਾ ਪਾਇਆ। ਹਰ ਰੋਜ਼ ਆਪਣੇ ਮਾਤਾ ਪਿਤਾ ਨਾਲ ਬਾਬਾ ਜੀ ਵੀ ਬਚਪਨ ਵਿਚ ਹੀ ਪ੍ਰਕਰਮਾ ਦੀ ਸੇਵਾ ਕਰਨ ਲਗ ਪਏ। ਬਾਬਾ ਗੁਰਦਿਆਲ ਸਿੰਘ ਜੀ ਸੇਵਾ ਕਰਦੇ ਥਕਦੇ ਨਹੀਂ ਸਨ ਹੁੰਦੇ। ਇਕ ਦਿਨ ਸੇਵਾ ਕਰਦਿਆਂ ਕਰਦਿਆਂ ਬਹੁਤ ਧੁਪ ਚੜ ਗਈ, ਸਾਰੀ ਸੰਗਤ ਛਾਵੇਂ ਬੈਠ ਗਈ, ਪਰ ਬਾਬਾ ਗੁਰਦਿਆਲ ਸਿੰਘ ਜੀ ਕਹੀ ਤੇ ਟੋਕਰੀ ਨਾਲ ਧੁਪੇ ਹੀ ਸੇਵਾ ਕਰੀ ਜਾ ਰਹੇ ਸਨ। ਏਨੇ ਨੂੰ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਇਹਨਾਂ ਦੇ ਲਾਗੇ ਆ ਗਏ ਅਤੇ ਲਾਗੇ ਖਲੋਤੇ ਇਕ ਸੇਵਕ ਨੂੰ ਬਾਬਾ ਜੈਮਲ ਸਿੰਘ ਜੀ ਨੇ ਪੁਛਿਆ ਕਿ ਇਹ ਜਵਾਨ ਬਾਲਕ ਕੋਣ ਹੈ ਕਿਤਨੀ ਪਿਆਰ ਨਾਲ ਕੜਕਦੀ ਧੁਪ ਵਿਚ ਹੀ ਸੇਵਾ ਕਰੀ ਜਾ ਰਿਹਾ ਹੈ ਤਾਂ ਉਸ ਲਾਗੇ ਖਲੋਤੇ ਸੇਵਾਦਾਰ ਨੇ ਦੱਸਿਆ ਕਿ ਬਾਬਾ ਜੀ, ਜਿਹੜੇ ਦੋਵੇ ਬਜੁਰਗ ਮਾਤਾ ਪਿਤਾ ਪਿੰਡ ਨੱਤ ਮੋਕਲ ਤੋ ਆਏ ਹਨ ਇਹ ਉਹਨਾ ਦਾ ਪੁੱਤਰ ਹੈ, ਉਸ ਸੇਵਕ ਨੇ ਵੀ ਕਿਹਾ ਕਿ ਮਹਾਪੁਰਸ਼ੋ, ਇਸਦੀ ਸੇਵਾ ਅਚੰਭੀ ਹੀ ਹੈ, ਇਹ ਨਾ ਤਾ ਥਕਦਾ ਹੈ ਅਤੇ ਨਾ ਹੀ ਅਕਦਾ ਹੈ।

ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦੀ ਪਾਰਖੂ ਅੱਖ ਨੇ ਅੱਜ ਪਛਾਣ ਲਿਆ ਕਿ ਇਹ ਕੋਈ ਬਹੁਤ ਹੀ ਪਿਆਰੀ ਰੂਹ ਹੈ, ਸਾਨੂੰ ਇਸ ਜਵਾਨ ਬਾਲਕ ਨੂੰ ਆਪਣੇ ਕੋਲ ਹੀ ਰਖ ਲੈਂਣਾ ਚਾਹਿਦਾ ਹੈ, ਬਾਬਾ ਜੈਮਲ ਸਿੰਘ ਜੀ ਨੇ ਉਸੇਵਕਤ ਇਹਨਾ ਨੁੰ ਆਪਣੇ ਕੋਲ ਸੱਦਿਆ ਅਤੇ ਬਹੁਤ ਹੀ ਪਿਆਰ ਨਾਲ ਕਿਹਾ ਕਿ, ਬੇਟਾ ਅੱਜ ਤੋਂ ਬਾਅਦ ਤੂੰ ਪੱਕੇ ਤੋਰ ਤੇ ਹੀ ਸਾਡੇ ਪਾਸ ਰਹਿ ਪੈ, ਇਹਨਾ ਨੇ ਬਾਬਾ ਜੈਮਲ ਸਿੰਘ ਜੀ ਨੂੰ ਅਗੋਂ ਦੋਵੇ ਹੱਥ ਜੋੜ ਕੇ ਸਤ ਬਚਨ ਕੀਤਾ ਅਤੇ ਅਗੇ ਤੌਂ ਸਦਾ ਸਦਾ ਲਈ ਮਹਾਪੁਰਸ਼ ਬਾਬਾ ਭੂਰੀ ਵਾਲਿਆਂ ਕੋਂਲ ਹੀ ਰਹਿ ਕੇ ਸਦਾ ਸਦਾ ਲਈ ਸੇਵਾ ਅਤੇ ਸਿਮਰਨ ਵਿਚ ਜੁੜ ਗਏ।

ਇਕ ਦਿਨ ਬਾਬਾ ਗੁਰਦਿਆਲ ਸਿੰਘ ਜੀ ਬਿਬੇਕਸਰ ਗੁਰਦੁਆਰੇ ਵਿਚ ਸੇਵਾ ਕਰ ਰਹੇ ਸਨ, ਆਪ ਗਲੋ ਨੰਗੇ ਅਤੇ ਤੇੜ ਸਾਫਾ ਬੰਨ ਕੇ ਸੇਵਾ ਕਰ ਰਹੇ ਸਨ, ਸੇਵਾ ਕਰਦਿਆਂ ਕਰਦਿਆਂ ਬਾਬਾ ਜੈਮਲ ਸਿੰਘ ਜੀ ਨੇ ਇਹਨਾਂ ਨੂੰ ਪੁਛਿਆ ਕਿ ਕਾਕਾ, ਤੂੰ ਕੱਪੜੇ ਕਿਉ ਲਾਹੇ ਹੋਏ ਹਨ ਤਾਂ ਬਾਬਾ ਜੀ ਨੇ ਅਗਂੋ ਉਤਰ ਦਿਤਾ ਕਿ ਮਹਾਪੁਰਸ਼,ੋ ਮੇਰੇ ਕੱਪੜੇ ਗਾਰੇ ਨਾਲ ਲਿਬੜ ਕੇ ਕਾਲੇ ਹੋ ਜਾਣੇ ਹਨ, ਇਸ ਕਰਕੇ ਮੈਂ ਆਪਣੇ ਕਪੜੇ ਲਾਹੇ ਹੋਏ ਹਨ, ਇਹ ਸੁਣਕੇ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਨੇ ਆਪਣੇ ਗਲੋਂ ਆਪਣਾ ਕਾਲਾ ਚੋਲਾ ਲਾਹਿਆ ਅਤੇ ਇਹਨਾ ਦੇ ਗਲ ਵਿਚ ਪਾ ਦਿਤਾ। ਮਹਾਪੁਰਸ਼ਾਂ ਦੇ ਇਸ ਵਰਤਾਵੇ ਤੋਂ ਬਾਅਦ ਸਭ ਸੰਗਤਾਂ ਇਹਨਾ ਦਾ ਹੋਰ ਵੀ ਸਤਿਕਾਰ ਕਰਨ ਲਗ ਪਈਆਂ।

ਬਾਬਾ ਗੁਰਦਿਆਲ ਸਿੰਘ ਜੀ ਦੀ ਇਹ ਸੀ ਮਹਾਪੁਰਸ਼ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆ ਨਾਲ ਮਿਲਣੀ ਅਤੇ ਆਸ਼ੀਰਵਾਦ ਦੀ ਵਾਰਤਾ

ਸੋ ਹੁਣ ਸੰਤ ਬਾਬਾ ਗੁਰਦਿਆਲ ਸਿੰਘ ਜੀ, ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਦੇ ਉਤਰਾਧਿਕਾਰੀ ਬਣਨ ਤਂੋ ਬਾਅਦ ਸੰਗਤਾਂ ਵਿਚ ਬਹੁਤ ਹੀ ਪਿਆਰ ਨਾਲ ਵਿਚਰਨ ਲਗ ਪਏ, ਬਾਬਾ ਜੀ ਨੇ ਹੁਣ ਵੱਡੇ ਮਹਾਪੁਰਸ਼ਾਂ ਵਲੋਂ ਚਲਾਈਆਂ ਹੋਈਆਂ ਗੁਰੁ ਘਰ ਪ੍ਰਤੀ ਸਮੂੰਹ ਕਾਰ ਸੇਵਾਵਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ। ਸਭ ਸੰਗਤਾਂ ਨੂੰ ਪਤਾ ਸੀ ਕੀ ਸੰਤ ਬਾਬਾ ਜੈਮਲ ਸਿੰਘ ਜੀ ਭੂਰੀ ਵਾਲੇ ਬਾਬਾ ਗੁਰਦਿਆਲ ਸਿੰਘ ਜੀ ਨਾਲ ਅਥਾਹ ਪਿਆਰ ਕਰਿਆ ਕਰਦੇ ਸਨ।ਬਾਬਾ ਜੈਮਲ ਸਿੰਘ ਜੀ ਜਦੋਂ ਵੀ ਗੁਰੁ ਘਰ ਦੀ ਕਾਰ ਸੇਵਾ ਦੀ ਉਗਰਾਹੀ ਲਈ ਦੇਸ਼ਾਂ ਵਿਦੇਸ਼ਾਂ ਵਿਚ ਚਲੇ ਜਾਂਦੇ ਸਨ, ਤਾਂ ਪਿਛੋ ਤਪੋਬਨ ਡੇਰੇ ਦੀ ਅਤੇ ਗੁਰੂ ਘਰ ਦੀਆਂ ਸਭ ਸੇਵਾਵਾਂ ਦੀ ਵੱਡੀ ਜਿੰਮੇਵਾਰੀ ਬਾਬਾ ਗੁਰਦਿਆਲ ਸਿੰਘ ਜੀ ਤੇ ਛਡ ਜਾਂਦੇ ਸਨ, ਪਿਛੋਂ ਬਾਬਾ ਗੁਰਦਿਆਲ ਸਿੰਘ ਜੀ ਵੱਡੇ ਮਹਾਪੁਰਸ਼ਾਂ ਦੇ ਬਾਹਰ ਜਾਣ ਤਂੋ ਬਾਅਦ ਤਪੋਬਨ ਡੇਰੇ ਦੀ ਅਤੇ ਗੁਰੂ ਘਰ ਦੀਆਂ ਸਭ ਸੇਵਾਵਾਂ ਦੀ ਵੱਡੀ ਸੇਵਾ ਬੜੇ ਹੀ ਸੁਚੱਜੇ ਢੰਗ ਨਾਲ ਨਿਭਾaਦੇ ਸਨ, ਮਿਸਾਲ ਦੇ ਤੋਰ ਤੇ ਜਿਵੇਂ ਅੱਜ ਵੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਗੁਰੂ ਘਰ ਦੀ ਸੇਵਾ ਦੀ ਉਗਰਾਹੀ ਲਈ ਦੇਸ਼ਾਂ ਵਿਦੇਸ਼ਾਂ ਵਿਚ ਚੱਲੇ ਜਾਂਦੇ ਹਨ ਤਾਂ ਪਿਛੋਂ ਡੇਰੇ ਅਤੇ ਕਾਰ ਸੇਵਾਵਾਂ ਦੀ ਸਾਰੀ ਜਿੰਮੇਵਾਰੀ ਬਾਬਾ ਸੁਖਵਿੰਦਰ ਸਿੰਘ "ਸੁੱਖਾ" ਜੀ ਨੂੰ ਦੇਕੇ ਚਲੇ ਜਾਂਦੇ ਹਨ ਅਤੇ ਉਹ ਵੀ ਬੜੀ ਹੀ ਜਿੰਮੇਵਾਰੀ ਅਤੇ ਸੁਚੱਜੇ ਢੰਗ ਨਾਲ ਇਹ ਸਾਰੀ ਜਿੰਮੇਵਾਰੀ ਨਿਭਾਉਦੇ ਹਨ। ਸੋ ਬਾਬਾ ਗੁਰਦਿਆਲ ਸਿੰਘ ਜੀ ਸੰਗਤਾਂ ਵਿਚ ਵਿਚਰਦੇ ਸਮੇਂ ਆਮ ਹੀ ਬਚਨ ਕਰਦੇ ਸਨ ਕਿ ਗੁਰਮੁਖੋ, ਸਤਿਗੁਰੂ ਸ਼੍ਰੀ ਗੁਰੁ ਨਾਨਕ ਦੇਵ ਜੀ ਦੇ ਪਾਵਨ ਹੁਕਮ ਮੁਤਾਬਕ ਕਿਰਤ ਕਰੋ, ਨਾਮ ਜਪੋ,ਅਤੇ ਵੰਡ ਛਕੋ, ਤੁਹਾਡਾ ਵੱਡਾ ਭਲਾ ਹੋਵੇਗਾ ਅਤੇ ਨਾਲ ਹੀ ਸੰਗਤਾਂ ਨੂੰ ਸੇਵਾ ਸਬੰਧੀ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਬਹੁਤ ਹੀ ਪਿਆਰ ਨਾਲ ਪ੍ਰੇਰਦੇ ਸਨ ਕਿ ਭਾਈ,

" ਵਿਚ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣ ਪਾਈਐ ॥

ਪਿਆਰਿa, ਸੇਵਾ ਕਰਨ ਦੇ ਨਾਲ ਮਨੁਖ ਦੇ ਅੰਦਰ ਦੇ ਵਿਕਾਰਾ ਦੀ ਮੈਲ ਨਾਸ ਹੋ ਜਾਂਦੀ ਹੈ ਸੋ ਸਾਨੂ ਹਰ ਪ੍ਰਾਣੀ ਨੂੰ ਗੁਰੁ ਘਰ ਅਤੇ ਮਨੁਖਤਾ ਦੀ ਸੱਚੀ ਸੇਵਾ ਕਰਕੇ, ਆਪਣੇ ਮਨੁਖਾ ਜੀਵਨ ਨੂੰ ਸਫਲ ਕਰਨਾ ਚਾਹਿਦਾ ਹੈ।

ਬਾਬਾ ਜੀ ਹਰ ਸਿਖ ਨੂੰ ਗੁਰੂ ਘਰ ਪ੍ਰਤੀ ਦਸਵੰਦ ਕਢਣ ਲਈ ਵੀ ਬਹੁਤ ਪ੍ਰੇਰਦੇ ਰਹਿੰਦੇ ਸਨ, ਆਪ ਜੀ ਕਿਹਾ ਕਰਦੇ ਸਨ ਕਿ ਜੋ ਵੀ ਪ੍ਰਾਣੀ ਆਪਣੀ ਧਰਮ ਦੀ ਕ੍ਰਿਤ ਵਿਚੋਂ ਗੁਰੂ ਘਰ ਲਈ ਦਸਵੰਦ ਕਢਦਾ ਹੈ ਐਸੇ ਪਿਆਰੇ ਸਿਖ ਤੇ ਮਹਾਨ ਸਤਿਗੁਰੂ ਜੀ ਦੀ ਬੇਅੰਤ ਖੁਸ਼ੀ ਹੁੰਦੀ ਹੈ ਸੰਸਾਰ ਵਿਚ ਵਿਚਰਦੇ ਸਮੇ ਗੁਰੂ ਘਰ ਪ੍ਰਤੀ ਦਸਵੰਦ ਕੱਢਣ ਵਾਲੇ ਸਿਖ ਦੇ ਕਾਰੋਬਾਰ ਵਿਚ ਵੱਡੀ ਬਰਕਤ ਪੈ ਜਾਂਦੀ ਹੈ।

ਆਪ ਜੀ ਕਿਹਾ ਕਰਦੇ ਸਨ ਕਿ ਹਰ ਜਗਿਆਸੂ ਨੂੰ ਸ਼ਾਮ ਨੂੰ ਸੌਣ ਤੋਂ ਪਹਿਲਾ ਆਪਣੇ ਸੌਣ ਵਾਲੇ ਆਸਣ ਤੇ ਬੈਠ ਕੇ ਸਾਰੇ ਦਿਨ ਦੇ ਕੰਮਾਂ ਉਪਰ ਝਾਤ ਮਾਰਨੀ ਚਾਹੀਦੀ ਹੈ ਕਿ, ਜੇ ਮਨ ਦੇ ਪਿਛੇ ਲਗ ਕੇ ਕੋਈ ਝੂਠ ਬੋਲਿਆ ਗਿਆ ਹੋਵੇ, ਕਿਸੇ ਦਾ ਬਿਗਾਨਾ ਹਕ ਮਾਰਿਆ ਗਿਆ ਹੋਵੇ ਯਾਨੀਕਿ ਕੋਈ ਵੀ ਮਾੜਾ ਕਰਮ ਗੁਰੂ ਜੀ ਦੇ ਹੁਕਮ ਤੋਂ ਉਲਟ ਜਾਣੇ ਅਨਜਾਣੇ ਵਿਚ ਹੋ ਗਿਆ ਹੋਵੇ ਤਾਂ ਉਸਦਾ ਪਸਚਾਤਾਪ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰਥ ਸਾਹਿਬ ਜੀ ਦੀ ਪਵਿਤਰ ਹਜੂਰੀ ਵਿਚ ਅਰਦਾਸ ਰਾਹੀ ਮੁਆਫੀ ਮੰਗ ਕੇ ਕਰਨਾ ਚਾਹਿਦਾ ਹੈ ਅਤੇ ਅਗਾਂਹ ਤਂੋ ਮਾੜੇ ਕੰਮ ਛਡਣ ਦੀ ਅਰਦਾਸ ਕਰਨੀ ਚਾਹੀਦੀ ਹੈ ਅਤੇ ਜੇ ਦਿਨ ਵਿਚ ਚੰਗੇ ਪਰਉਪਕਾਰੀ ਜਾਂ ਭਲੇ ਦੇ ਕੰਮ ਕੀਤੇ ਹੋਣ ਤਾਂ ਉਸ ਬਾਰੇ ਵੀ ਸ਼ੁਕਰਾਨੇ ਵਜੋਂ ਸਤਿਗੁਰੂ ਜੀ ਦੇ ਪਵਿਤਰ ਚਰਨਾ ਵਿਚ ਅਰਦਾਸ ਕਰਨੀ ਚਾਹੀਦੀ ਹੈ। ਜਿਵੇਂ ਬਾਣੀਏ ਲੋਕ ਹਰਰੋਜ਼ ਆਮਦਨ ਅਤੇ ਖਰਚੇ ਦਾ ਲੇਖਾ ਜੋਖਾ ਕਰਦੇ ਹਨ ਅਤੇ ਖਰਚ ਨੂੰ ਹਮੇਸ਼ਾ ਹੀ ਆਪਣੀ ਆਮਦਨ ਤੋ ਹੇਠਾਂ ਰਖਦੇ ਹਨ ਹਰਰੋਜ਼ ਆਮਦਨ ਅਤੇ ਖਰਚੇ ਦਾ ਹਿਸਾਬ ਕਰਨ ਨਾਲ ਸਹਿਜੇ ਸਹਿਜੇ ਉਹ ਲੋਕ ਇਕ ਨਾ ਇਕ ਦਿਨ ਬਹੁਤ ਅਮੀਰ ਹੋ ਜਾਦੇ ਹਨ, ਇਸੇ ਤਰਾ੍ਹ ਜੇ ਆਪਾਂ ਵੀ ਹਰਰੋਜ਼ ਆਪਣੇ ਕੀਤੇ ਹੋਏ ਕੰਮਾ ਦਾ ਲੇਖਾ ਜੋਖਾ ਕਰਕੇ, ਚੰਗੇ ਕੰਮਾ ਨੂੰ ਮਾੜੇ ਕੰਮਾ ਤਂੋ ਉਪਰ ਰਖਣ ਦਾ ਯਤਨ ਕਰਦੇ ਰਹਿਏ ਤਾਂ ਆਪਾਂ ਵੀ ਇਕ- ਨ- ਇਕ ਦਿਨ ਸਤਿਗੁਰੂ ਜੀ ਦੀ ਵੱਡੀ ਬਖਸ਼ਿਸ਼ ਸਦਕਾ ਚੰਗੇ ਅਤੇ ਗੁਣਵਾਨ ਪੁਰਸ਼ ਬਣ ਜਾਵਾਗੇ।

ਕੁਦਰਤ ਦਾ ਨਿਯਮ ਹੈ ਕਿ ਜਿਥੇ ਫੁਲ ਹੁੰਦਾ ਹੈ ਉਸਦੀ ਖੁਸ਼ਬੂ ਪ੍ਰਾਪਤ ਕਰਨ ਲਈ ਭੋਰੇ ਦੂਰ ਦੂਰ ਤੋਂ ਉਡਾਰੀਆਂ ਮਾਰਦੇ ਪੁਜ ਜਾਂਦੇ ਹਨ ਅਤੇ ਫੁਲ ਦੀ ਪਿਆਰੀ ਮਹਿਕ ਪ੍ਰਾਪਤ ਕਰਕੇ ਆਪਣੀ ਆਤਮਾ ਦੀ ਤ੍ਰਿਪਤੀ ਕਰਦੇ ਹਨ, ਇਸੇਤਰਾ੍ਹਂ ਗੁਰੁ ਘਰ ਅਤੇ ਰੱਬੀ ਨਾਮ ਦੀ ਸੁਗੰਧੀ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆ ਦੀ ਪਵਿਤਰ ਆਤਮਾ ਵਿਚ ਭਰੀ ਪਈ ਸੀ, ਨਾਮ ਅਤੇ ਗੁਰੂ ਘਰ ਦੀ ਸੇਵਾ ਦੀ ਸੁਗੰਧੀ ਨਾਲ ਸਾਂਝ ਕਰਨ ਵਾਸਤੇ ਦੂਰ ਨੇੜੇ ਦੇ ਸ਼ਰਧਾਲੂ ਅਕਸਰ ਹੀ ਬਾਬਾ ਗੁਰਦਿਆਲ ਜੀ ਦੀ ਸੰਗਤ ਕਰਨ ਲਈ ਤਪੋਬਨ ਡੇਰੇ ਵਿਚ ਆਉਂਦੇ ਜਾਂਦੇ ਹੀ ਰਹਿੰਦੇ ਸਨ। ਕੋਈ ਇਕ ਦਿਨ, ਕੋਈ ਦੋ ਦਿਨ, ਅਤੇ ਕੋਈ ਹਫਤਾ ਭਰ ਭਾਵ ਜਿਨਾ ਕਿਸੇ ਕੋਲ ਘਰੇਲੂ ਅਤੇ ਦੁਨਿਆਵੀ ਕੰਮ ਛੱਡਕੇ ਵੇਹਲ ਹੁੰਦੀ ਸੀ, ਬਾਬਾ ਜੀ ਕੋਲ ਠਹਿਰ ਕੇ ਸੇਵਾ ਅਤੇ ਸਿਮਰਨ ਦੀ ਵੱਡੀ ਮਹਿਕ ਲੈਂਦੇ ਰਹੇ। ਅੰਮ੍ਰਿਤਸਰ ਦੇ ਕਈ ਐਸੇ ਸ਼ਰਧਾਲੂ ਸੇਵਕ ਸਨ ਜੋ ਹਰਰੋਜ਼ ਬਾਬਾ ਜੀ ਲਈ ਕੁਝ ਨ ਕੁਝ ਛਕਣ ਲਈ ਜਰੂਰ ਹੀ ਲੈ ਕੇ ਆਉਂਦੇ, ਜਿਨਾ ਵਿਚ ਬਾਊ ਚਰਨਦਾਸ ਜੀ, ਬਾਊ ਕ੍ਰਿਸ਼ਨ ਲਾਲ ਜੀ, ਬਾਗਬਾਨੀ ਹੱਟੀ ਵਾਲੇ, ਬਾਊ ਓਮ ਪ੍ਰਕਾਸ਼ ਜੀ ਨਿਊ ਕਲਾਥ ਸਟੋਰ ਵਾਲੇ, ਸ: ਸਵਰਨ ਸਿੰਘ ਜੀ, ਸ: ਜੋਗਿੰਦਰ ਸਿੰਘ ਜੀ ਕੋਹਲੀ ,

ਸੋ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੇ ਜਿਥੇ ਆਪਣੇ ਜੀਵਨ ਕਾਲ ਵਿਚ ਮਾਨਵਤਾ ਦੀ ਬਹੁਤ ਵੱਡੀ ਸੇਵਾ ਕੀਤੀ, ਉਥੇ ਬਾਬਾ ਜੀ ਨੇ ਗੁਰੂ ਘਰ ਦੇ ਬਹੁਤ ਹੀ ਪਵਿਤਰ ਗੁਰਦੁਆਰਿਆਂ ਦੀ ਸੰਗਤਾਂ ਦੇ ਵਡੇ ਸਹਿਯੋਗ ਨਾਲ ਕਾਰ ਸੇਵਾਵਾਂ ਰਾਹੀ ਵੱਡੀ ਸੇਵਾ ਕਰਕੇ ਮਹਾਨ ਸਤਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ।

ਸੋ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆ ਨੇ ਆਪਣੇ ਜੀਵਨ ਵਿਚ ਪਹਿਲਾਂ ਉਹਨਾਂ ਇਤਿਹਾਸਕ ਗੁਰਦੁਆਰਿਆਂ ਦੀ ਕਾਰੇਸਵਾ ਨੂੰ ਮੁਕੰਮਲ ਕੀਤਾ, ਜਿਹੜੇ ਵੱਡੇ ਮਹਾਪੁਰਸ਼ ਬਾਬਾ ਜੈਮਲ ਸਿੰਘ ਜੀ ਭੂਰੀ ਵਾਲਿਆਂ ਨੇ ਆਪਣੇ ਹੱਥੀ ਸ਼ੁਰੂ ਕੀਤੇ ਸਨ। ਸੋ ਇਸ ਤੋ ਇਲਾਵਾ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੇ ਆਪਣੇ ਜੀਵਨ ਕਾਲ ਵਿਚ ਹੇਠ ਲਿਖੇ ਗੁਰੂ ਘਰਾਂ ਦੀ ਕਾਰਸੇਵਾਵਾਂ ਸੰਗਤਾਂ ਦੇ ਵਡੇ ਸਹਿਯੋਗ ਨਾਲ ਸ਼ੁਰੂ ਕਰ ਦਿਤੀਆਂ :-

੧. ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿਤਰ ਭਵਨ ਲਾਗੇ ਸ਼੍ਰੀ ਰਾਮਸਰ ਸਰੋਵਰ ਵਿਚੋਂ ਗਾਰ ਕੱਢਣ ਦੀ ਮੁਕੰਮਲ ਸੇਵਾ ਕਰਵਾਈ।

੨. ਗਰੁਦੁਆਰਾ ਬਿਬੇਕਸਰ ਸ਼੍ਰੀ ਅੰਮ੍ਰਿਤਸਰ ਜੀ ਦੇ ਫਰਸ਼ ਅਤੇ ਸਰੋਵਰ ਦੀਆਂ ਪ੍ਰਕਰਮਾਂ ਦੀ ਸੇਵਾ ਕਰਵਾਈ।

੩. ਸ਼੍ਰੀ ਅਕਾਲ ਤਖਤ ਸਾਹਿਬ ਲਾਗੇ ਗੁਰਦੁਆਰਾ ਥੜਾ ਸਾਹਿਬ (ਸ਼੍ਰੀ ਗੁਰੂ ਤੇਗ ਬਹਾਦਰ ਜੀ) ਜੀ ਦੀ ਮੁਕੰਮਲ ਸੇਵਾ ਕਰਵਾਈ। ੪. ਮਾਤਾ ਕੌਂਲਾਂ ਜੀ ਅੰਮ੍ਰਿਤਸਰ ਦੇ ਗੁਰਦੁਆਰੇ ਦੀ ਇਮਾਰਤ ਨੂੰ ਵਿਸ਼ਾਲ ਗੁਰਦੁਆਰੇ ਦੇ ਰੂਪ ਵਿਚ ਕਾਰਸੇਵਾ ਰਾਹੀ ਬਣਵਾਇਆ।

੫. ਸ਼੍ਰੀ ਦਰਬਾਰ ਸਾਹਿਬ ਤਰਨ ਤਾਰਨ ਦੀਆ ਪਵਿਤਰ ਪ੍ਰਕਰਮਾ ਵਿਚ ਕਾਰਸੇਵਾ ਰਾਹੀ ਵਧੀਆ ਪੱਥਰ ਲਗਵਾ ਕੇ ਸਤਿਗੁਰੂ ਜੀ ਦੀਆਂ ਮਹਾਨ ਖੁਸ਼ੀਆ ਲਈਆਂ

੬. ਸ਼੍ਰੀ ਗੋਇੰਦਵਾਲ ਸਾਹਿਬ ਲਾਗੇ ਦਮਦਮਾ ਸਾਹਿਬ ਦੇ ਪਵਿਤਰ ਗੁਰਦੁਆਰੇ ਦੀ ਇਮਾਰਤ ਨੂੰ ਵਿਸ਼ਾਲ ਤੌਰ ਤੇ ਬਣਵਾਇਆ ਅਤੇ ਉਥੇ ਪਵਿਤਰ ਸਰੋਵਰ ਨੂੰ ਖੁਦਵਾ ਕੇ, ਸਤਿਗੁਰੂ ਜੀ ਦੀਆਂ ਪਿਆਰੀਆ ਖੁਸ਼ੀਆਂ ਪ੍ਰਾਪਤ ਕੀਤੀਆਂ।

੭. ਸ਼੍ਰੀ ਸਰਹੰਦ ਸਾਹਿਬ ਜਿਥੇ ਛੋਟੇ ਸਾਹਿਬਜਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ, ਉਸ ਗੁਰਦੁਆਰੇ ਨੂੰ ਵਿਸ਼ਾਲ ਅਤੇ ਸੋਹਣਾ ਬਣਾਉਣ ਦੀ ਕਾਰਸੇਵਾ ਕੀਤੀ।

੮. ਗੁਰਦੁਆਰਾ ਸ਼ਹੀਦ ਗੰਜ, ਬਾਬਾ ਦੀਪ ਜੀ ਅੰਮ੍ਰਿਤਸਰ ਦੀ ਇਮਾਰਤ ਨੂੰ ਵਿਸ਼ਾਲ ਅਤੇ ਸੋਹਣਾ ਬਣਵਾਇਆ।

੯. ਗੁਰਦੁਆਰਾ ਅਟਾਰੀ ਸਾਹਿਬ, ਸੁਲਤਾਨਵਿੰਡ (ਅੰਮ੍ਰਿਤਸਰ) ਜੀ ਦਾ ਸੋਹਣਾ ਗੁਰੂ ਦਰਬਾਰ ਬਣਾਇਆ।

੧੦. ਗੁਰਦੁਆਰਾ ਭਾਈ ਮੰਝ (ਅੰਮ੍ਰਿਤਸਰ) ਦੇ ਪਵਿਤਰ ਸਥਾਨ ਤੇ ਗੁਰਦੁਆਰਾ ਸਾਹਿਬ ਦੀ ਵੱਡੀ ਇਮਾਰਤ ਬਣਵਾਈ ਅਤੇ ਇਥੇ ਨਾਲ ਹੀ ਭਾਈ ਮੰਝ ਜੀ ਦੇ ਨਾਂ ਤੇ ਇਕ ਵਿਸ਼ਾਲ ਪਬਲਿਕ ਸਕੂਲ ਖੋਲਿਆ, ਜਿਥੇ ਬਚਿਆਂ ਨੂੰ ਪੜਾਈ ਦੇ ਨਾਲ ਨਾਲ ਸਿਖੀ ਨਾਲ ਜੋੜਨ ਦੀ ਵੀ ਵੱਡੀ ਪ੍ਰੇਰਨਾ ਦਿਤੀ ਜਾਂਦੀ ਹੈ।

੧੧. ਗੁਰਦੁਆਰਾ ਨਾਨਕਸਰ ਵੇਰਕਾ (ਅੰਮ੍ਰਿਤਸਰ) ਦੀ ਕਾਰਸੇਵਾ ਸ਼ੁਰੂ ਕੀਤੀ।

੧੨. ਗੁਰਦੁਆਰਾ ਭਾਈ ਸਿਧਾਣਾ ਜੀ ਪਿੰਡ ਸੇਰਂੋ (ਅੰਮ੍ਰਿਤਸਰ) ਵਿਖੇ ਗੁਰੂ ਘਰ ਦੀ ਇਮਾਰਤ ਦੀ ਸੇਵਾ ਸ਼ੁਰੂ ਕੀਤੀ।

੧੩. ਗੁਰਦੁਆਰਾ ਸੰਗਰਾਣਾ ਸਾਹਿਬ ਪਾ:ਛੇਵੀ (ਅੰਮ੍ਰਿਤਸਰ) ਜੀ ਦੇ ਗੁਰਦੁਆਰੇ ਦੀ ਵਿਸ਼ਾਲ ਇਮਾਰਤ ਬਣਾਉਣ ਦੀ ਸੇਵਾ ਸ਼ੁਰੂ ਕੀਤੀ।

੧੪. ਗੁਰਦੁਆਰਾ ਦਰਬਾਰ ਸਾਹਿਬ, ਡੇਰਾ ਬਾਬਾ ਨਾਨਕ ਗੁਰਦਾਸਪੁਰ ਦੀ ਇਮਾਰਤ ਦੀ ਸੇਵਾ ਸ਼ੁਰੂ ਕੀਤੀ।

ਇਸ ਤੋਂ ਇਲਾਵਾ ਹੋਰ ਵੀ ਪਵਿਤਰ ਗੁਰਧਾਮਾਂ ਦੀਆਂ ਕਾਰਸੇਵਾਵਾਂ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਵਲੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਸ਼ੁਰੂ ਕੀਤੀਆਂ।

ਸੋ ਸੰਗਤ ਜੀ, ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਸਦਕਾ ਗੁਰੂ ਘਰ ਅਤੇ ਮਾਨਵਤਾ ਦੇ ਭਲੇ ਲਈ ਮਹਾਨ ਕਾਰਜ ਕੀਤੇ, ਜੋ ਕਿ ਉਨਾਂ ਦੇ ਨਿਜੀ ਅਸਥਾਨ ਡੇਰਾ ਤਪੋਬਨ ਭੂਰੀ ਵਾਲਿਆਂ ਵਲੋਂ ਅਜ ਵੀ ਨਿੰਰਤਰ ਜਾਰੀ ਹਨ। ਸੰਗਤ ਜੀ, ਐਸੇ ਸਚ ਦੇ ਧਾਰਨੀ ਮਹਾਪੁਰਸ਼ ਸ਼੍ਰਿਸਟੀ ਦਾ ਸਿੰਗਾਰ ਹੋਇਆ ਕਰਦੇ ਹਨ, ਐਸੇ ਮਹਾਪੁਰਸ਼ ਉਸ ਪਾਰਜਾਤ ਰੁਖ ਦੇ ਸਮਾਨ ਹੁੰਦੇ ਹਨ ਜਿਸਦੀ ਛਾਂ ਬਹੁਤ ਸੰਘਣੀ ਅਤੇ ਫਲ ਬਹੁਤ ਹੀ ਮਿਠੇ ਹੁੰਦੇ ਹਨ, ਉਹ ਸਿਖੀ ਦੀ ਇਕ ਚਲਦੀ ਫਿਰਦੀ ਯੂਨੀਵਰਸਟੀ ਹੁੰਦੇ ਹਨ।

ਸੋ ਸਤਿਗੁਰੂ ਜੀ ਦੇ ਹੁਕਮ ਮੁਤਾਬਕ ਬਾਬਾ ਗੁਰਦਿਆਲ ਸਿੰਘ ਜੀ ਆਪਣੀ ਅਖੀਰਲੀ ਉਮਰ ਦੀ ਬਿਰਧ ਅਵਸਥਾ ਵਿਚ ੧-੨ ਸਾਲ ਬਹੁਤ ਬਿਮਾਰ ਰਹੇ, ਅਖੀਰਲੀ ਉਮਰ ਦੀ ਬਿਰਦ ਅਤੇ ਬਿਮਾਰੀ ਹਾਲਤ ਵਿਚ ਉਹਨਾ ਦੇ ਅਤਿ ਨਿਕਟੀ ਅਤੇ ਹੁਣ ਉਤਰਾਧਿਕਾਰੀ ਬਾਬਾ ਕਸ਼ਮੀਰ ਸਿੰਘ ਜੀ ਨੇ ਉਹਨਾ ਦੀ ਬਹੁਤ ਹੀ ਪਿਆਰ ਨਾਲ ਸੇਵਾ ਕੀਤੀ, ਇਸ ਵੱਡੀ ਸੇਵਾ ਕਰਦਿਆਂ ਕਰਦਿਆਂ ਬਾਬਾ ਗੁਰਦਿਆਲ ਸਿੰਘ ਜੀ ਨੇ ਬਾਬਾ ਕਸ਼ਮੀਰ ਸਿੰਘ ਜੀ ਨੂੰ ਵੱਡੀਆਂ ਅਸੀਸਾਂ ਵੀ ਬਹੁਤ ਦਿਤੀਆਂ ਅਤੇ ਇਹਨਾ ਨਾਲ ਗੂੜੇ ਪਿਆਰ ਸਦਕਾ ਸੰਤ ਬਾਬਾ ਗੁਰਦਿਆਲ ਸਿੰਘ ਜੀ ਭੂਰੀ ਵਾਲਿਆਂ ਨੇ ਆਪਣੇ ਜਿਉਂਦੇ ਜੀਅ ਹੀ ਕੁਝ ਸਾਲ ਪਹਿਲਾਂ ਇਹਨਾਂ ਨੂੰ ਆਪਣਾ ਉਤਰਾਧਿਕਾਰੀ ਥਾਪਕੇ, ਨਿਰਮਲ ਭੇਖ ਦੇ ਸਾਧੂਆ ਤੋਂ ਪ੍ਰਵਾਨਗੀ ਲੈ ਲਈ ਸੀ।

ਸੋ ਰੱਬ ਦੇ ਅੱਟਲ ਨਿਯਮਾਂ ਅਨੁਸਾਰ ਸਰੀਰਕ ਸਾਂਝ ਸਦਾ ਕਾਇਮ ਨਹੀ ਰਹਿੰਦੀ, ਸੋ ਸਤਿਗੁਰੂ ਜੀ ਦੇ ਮਹਾਨ ਹੁਕਮ ਮੁਤਾਬਕ

" ਜਿਉ ਜਲ ਮਹਿ ਜਲ ਆਇ ਖਟਾਨਾ॥ ਤਿਉ ਜੋਤੀ ਸੰਗ ਜੋਤ ਸਮਾਨਾ ॥

ਆਪ ਜੀ ੧੦ ਅਪ੍ਰੈਲ ੧੯੯੯ ਈ: ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਸਦਾ ਸਦਾ ਲਈ ਸਚਖੰਡ ਗਮਨ ਕਰ ਗਏ। ਆਪ ਜੀ ਦੇ ਪੰਜ ਭੂਤਕ ਸਰੀਰ ਦਾ ਸਸਕਾਰ ੧੧ ਅਪ੍ਰੈਲ ੧੯੯੯ ਈ: ਨੂੰ ਤਪੋਬਨ ਵਿਚ ਹੀ ਨਿਰਮਲ ਭੇਖ ਦੇ ਸਮੂਹ ਸੰਤਾਂ ਸਾਧੂਆਂ, ਸਮੂਹ ਸੰਪਰਦਾਵਾ ਦੇ ਮੁਖੀਆਂ ਦੇ ਨੁਮਾਇਦਿਆਂ ਅਤੇ ਹਜ਼ਾਰਾਂ ਹੀ ਸੰਗਤਾਂ ਦੇ ਠਾਠਾਂ ਮਾਰਦੇ ਇੱਕਠ ਵਿਚ ਕਰ ਦਿਤਾ। ਸਸਕਾਰ ਸਮੇਂ ਹਰਪਾਸੇ ਸੰਗਤਾ ਦੇ ਚਿਹਰਿਆਂ ਤੇ ਬਹੁਤ ਉਦਾਸੀ ਛਾਈ ਹੋਈ ਸੀ। ਸੋ ੨੭ ਅਪ੍ਰੈਲ ੧੯੯੯ਈ: ਨੂੰ ਤਪੋਬਨ ਵਿਚ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਸਮੇਂ ਸੰਤ ਸਮਾਜ, ਨਿਰਮਲ ਭੇਖ ਦੀਆਂ ਸੰਪਰਦਾਵਾਂ ਨੇ ਸੰਗਤਾਂ ਦੇ ਭਾਰੀ ਇੱਕਠ ਵਿਚ ਉਹਨਾਂ ਵਲੋਂ ਥਾਪੇ ਗਏ ਉਤਰਾਧਿਕਾਰੀ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਨੂੰ ਸਰਬਸੰਮਤੀ ਨਾਲ ਦਸਤਾਰ ਸਜਾ ਕੇ, ਅਗੇ ਤੋਂ ਤਪੋਬਨ ਡੇਰਾ ਭੂਰੀ ਵਾਲਿਆਂ ਦੀ ਵੱਡੀ ਸੇਵਾ ਸੋਂਪ ਦਿਤੀ।